Sunday, January 4, 2009

ਕਹਾਣੀਕਾਰ : ਵਰਿਆਮ ਸਿੰਘ ਸੰਧੂ ਨਾਲ਼ ਮੁਲਾਕਾਤ

ਮੁਲਾਕਾਤੀ: ਸੁਖਿੰਦਰ
ਵਰਿਆਮ ਸਿੰਘ ਸੰਧੂ ਪੰਜਾਬੀ ਦਾ ਬਹੁ-ਚਰਚਿਤ ਨਾਮਵਰ ਕਹਾਣੀਕਾਰ ਹੈ। ਉਸਨੂੰ ਉਸਦੇ ਕਹਾਣੀ ਸੰਗ੍ਰਹਿ ‘ਚੌਥੀ ਕੂਟ’ ਲਈ ਭਾਰਤ ਦਾ ‘ਸਾਹਿਤ ਅਕਾਦਮੀ ਪੁਰਸਕਾਰ’ ਪ੍ਰਾਪਤ ਹੋ ਚੁੱਕਾ ਹੈ। ਉਹ ਲੰਬੀਆਂ ਕਹਾਣੀਆਂ ਲਿਖਣ ਵਾਲੇ ਕਹਾਣੀਕਾਰ ਦੇ ਤੌਰ ਉੱਤੇ ਜਾਣਿਆ ਜਾਂਦਾ ਹੈ। ਉਸ ਨੇ ਪੰਜਾਬ ਵਿੱਚ ਚੱਲੇ ਧਾਰਮਿਕ ਕੱਟੜਵਾਦੀ ਦਹਿਸ਼ਤ ਦੇ ਦਿਨਾਂ ਨੂੰ ਆਪਣੇ ਪਿੰਡੇ ਉੱਤੇ ਹੰਢਾ ਕੇ ਬਹੁਤ ਹੀ ਸੰਵੇਦਨਸ਼ੀਲ ਕਹਾਣੀਆਂ ਲਿਖੀਆਂ ਹਨ। ਵਰਿਆਮ ਸਿੰਘ ਸੰਧੂ 1970 ਦੇ ਆਸ ਪਾਸ ਪੰਜਾਬ ਵਿੱਚ ਉੱਠੀ ਨਕਸਲਬਾੜੀ ਲਹਿਰ ਦੇ ਨਾਲ ਹੀ ਪੰਜਾਬੀ ਸਾਹਿਤਕ ਖੇਤਰ ਵਿੱਚ ਉੱਭਰਿਆ। ਉਸਦੀਆਂ ਕਈ ਲਿਖਤਾਂ ਬਾਰੇ ਟੈਲੀਵੀਜ਼ਨ ਸਕਰੀਨ ਲਈ ਫਿਲਮਾਂ ਵੀ ਬਣ ਚੁੱਕੀਆਂ ਹਨ। ਪੰਜਾਬੀ ਵਿੱਚ ਬਹੁਤ ਘੱਟ ਪਰ ਵਧੀਆ ਕਹਾਣੀਆਂ ਲਿਖਣ ਵਾਲੇ ਕਹਾਣੀਕਾਰਾਂ ਵਿੱਚ ਉਸਦਾ ਨਾਮ ਸ਼ਾਮਿਲ ਕੀਤਾ ਜਾਂਦਾ ਹੈ।


ਸੁਖਿੰਦਰ: ਡਾ. ਸੰਧੂ, ਤੁਸੀਂ ਪੰਜਾਬੀ ਸਾਹਿਤ ਨਾਲ ਗੰਭੀਰ ਰੂਪ ਵਿੱਚ 1970 ਦੇ ਆਸ ਪਾਸ ਦੇ ਸਮੇਂ ਤੋਂ ਜੁੜੇ ਹੋਏ ਹੋ. ਕੈਨੇਡਾ ਆ ਕੇ ਤੁਹਾਨੂੰ ਕਿਹੋ ਜਿਹੇ ਪੰਜਾਬੀ ਸਾਹਿਤਕ ਸਭਿਆਚਾਰ ਵਿੱਚ ਵਿਚਰਨ ਦਾ ਮੌਕਾ ਮਿਲਿਆ ਹੈ?
ਡਾ: ਸੰਧੂ: ਸੁਖਿੰਦਰ ਜੀ, ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਕੈਨੇਡਾ ਆ ਕੇ ਮੈਨੂੰ ਇੱਥੇ ਬਹੁਤੇ ਵੱਡੇ ਸਾਹਿਤਕ ਸਰਕਲ ਵਿੱਚ ਵਿਚਰਨ ਦਾ ਮੌਕਾ ਨਹੀਂ ਮਿਲਿਆ। ਇਸ ਦਾ ਇੱਕ ਬੁਨਿਆਦੀ ਕਾਰਨ ਤਾਂ ਮੇਰੀ ਮਾਨਸਿਕਤਾ ਵਿੱਚ ਪਿਆ ਹੋਇਆ ਹੈ। ਮੈਂ ਨਵੀਆਂ ਸਾਂਝਾਂ ਪਾਉਣ, ਬਨਾਉਣ ਵਿੱਚ ਬਹੁਤਾ ਉੱਦਮੀ ਨਹੀਂ ਹਾਂ. ਉਂਝ ਵੀ ਕੁਝ ਕੁਝ ਸੰਗਾਊ ਹਾਂ ਤੇ ਖ਼ੁੱਦਦਾਰ ਵੀ। ਇਸੇ ਕਰ ਕੇ ਕਿਸੇ ਨੂੰ ਆਪ ਅੱਗੇ ਹੋ ਕੇ ਬਹੁਤਾ ਉਚੇਚ ਕਰ ਕੇ ਮਿਲਣ ਤੋਂ ਝਿਜਕ ਜਿਹੀ ਬਣੀ ਰਹਿੰਦੀ ਹੈ। ਮੈਨੂੰ ਆਪਣੇ ਨਾਲ ਨਾਲ ਹੀ ਇੰਡੀਆ ਤੋਂ ਜਾਂ ਬਾਹਰੋਂ ਹੋਰ ਕਿਧਰੋਂ ਆਏ ਕੁਝ ਸਾਹਿਤਕਾਰ ਮਿੱਤਰਾਂ ਵਾਂਗ ਇੱਥੋਂ ਦੇ ਸਾਹਿਤਕ-ਦ੍ਰਿਸ਼ ਤੇ ਇਕਦਮ ‘ਛਾ ਜਾਣ’ ਜਾਂ ਸਵੈ-ਪ੍ਰਦਰਸ਼ਨ ਕਰਨ ਤੇ ਆਪਣੀ ਭੱਲ ਬਨਾਉਣ ਦੀ ਵੀ ਕੋਈ ਲਾਲਸਾ ਨਹੀਂ। ਮੇਨ-ਸਟਰੀਮ ਦੇ ਸਾਹਿਤ-ਜਗਤ ਵਿੱਚ ਮੇਰੀ ਪਹਿਲਾਂ ਹੀ ਬਥੇਰੀ ਭੱਲ ਬਣੀ ਹੋਈ ਹੈ। ਏਥੇ ਬਣਾਈ ਭੱਲ ਮੇਰਾ ਕੁਝ ਬਹੁਤਾ ਸਵਾਰਨ ਨਹੀਂ ਲੱਗੀ। ਮੈਂ ਅੱਗੇ ਅੱਗੇ ਹੋ ਕੇ ਦਿਸਣ ਦੀ ਕਦੀ ਅਭਿਲਾਸ਼ਾ ਹੀ ਨਹੀਂ ਰੱਖੀ। ਮੈਂ ਤਾਂ ਸਦਾ ਇਹੋ ਚਾਹਿਆ ਕਿ ਜੇ ਕੋਈ ਮੇਰਾ ਪ੍ਰਸੰਸਕ-ਪ੍ਰੇਮੀ ਹੈ ਤਾਂ ਮੈਨੂੰ ਪਿੱਛੇ ਖਲੋਤੇ ਨੂੰ ਵੀ ਪਛਾਣ ਹੀ ਲਵੇਗਾ।
ਦੂਜਾ ਕਾਰਨ ਕਨੇਡਾ ਰਹਿੰਦੇ ਪੁਰਾਣੀ ਜਾਣ-ਪਛਾਣ ਵਾਲੇ ਮਿੱਤਰਾਂ ਦਾ ਮੇਰੇ ਇੱਥੇ ਆਉਣ ‘ਤੇ ਵਿਖਾਇਆ ਗਿਆ ਠੰਢਾ ਵਿਹਾਰ ਵੀ ਸੀ, ਜਿਸਨੇ ਮੈਨੂੰ ਇਥੋਂ ਦੇ ਸਾਹਿਤਕ-ਸਭਿਆਚਾਰਕ ਮਾਹੌਲ ਵਿੱਚ ਵਿਚਰਨ ਤੋਂ ਰੋਕੀ ਰੱਖਿਆ। ਮੇਰੇ ਇਹ ਮਿੱਤਰ ਜਦੋਂ ਕਦੀ ਇੰਡੀਆ ਜਾਂਦੇ ਸਨ ਤਾਂ ਬੜੇ ਉਚੇਚ ਅਤੇ ਸਨੇਹ ਨਾਲ ਮੈਨੂੰ ਮਿਲਣ ਅਤੇ ਕਈ ਤਾਂ ‘ਦਰਸ਼ਨ’ ਕਰਨ ਤੱਕ ਵੀ ਜਾਂਦੇ ਸਨ। ਅਸੀਂ ਵੀ ਉਹਨਾਂ ਦਾ ਬਣਦਾ ਆਦਰ-ਮਾਣ ਬੜੇ ਖੁੱਲ੍ਹੇ ਦਿਲ ਨਾਲ ਕਰਦੇ ਸਾਂ। ਜਦੋਂ ਮੈਂ ਕਨੇਡਾ ਆਇਆ ਤਾਂ ਮੇਰੇ ਅੰਦਰ ਇੱਕ ਸੂਖ਼ਮ ਜਿਹਾ ਭਰਮ ਵਰਗਾ ਚਾਅ ਇਹ ਵੀ ਸੀ ਕਿ ਏਥੇ ਮੇਰੇ ਉਹਨਾਂ ਪਿਆਰੇ ਮਿੱਤਰਾਂ ਦੀਆਂ ਖੁੱਲ੍ਹੀਆਂ ਬਾਹਵਾਂ ਦਾ ਨਿੱਘ ਮੈਨੂੰ ਜ਼ਰੂਰ ‘ਜੀ ਆਇਆਂ’ ਕਹੇਗਾ। ਪਰ ਜਦੋਂ ਮੈਂ ਇੱਥੇ ਆਇਆ ਤਾਂ ਮੈਨੂੰ ਬੜੀ ਹੈਰਾਨੀ ਹੋਈ ਕਿ ਜਿੰਨ੍ਹਾਂ ਬੰਦਿਆਂ ਨੂੰ ਮੈਂ ਮੁਹੱਬਤ ਕਰਦਾ ਸਾਂ ਤੇ ਜਿੰਨ੍ਹਾਂ ਦਾ ਆਦਰ-ਮਾਣ ਵੀ ਕਰਦਾ ਰਿਹਾ ਸਾਂ ਉਹਨਾਂ ਵਿਚੋਂ ਬਹੁਤੇ ਤਾਂ ਮੇਰਾ ਏਥੇ ਆਉਣਾ ਸੁਣ ਕੇ ਜਿਵੇਂ ਗੁੰਗੇ ਹੀ ਹੋ ਗਏ। ਉਹਨਾਂ ਨੇ ਮੈਨੂੰ ਇੱਕ ਫ਼ੋਨ ਤੱਕ ਕਰਨਾ ਵੀ ਗਵਾਰਾ ਨਾ ਕੀਤਾ। ਮੇਰੀ ਪਹਿਲੀ ਜਾਣ-ਪਛਾਣ ਵਾਲੇ ਸਾਹਿਤਕ-ਮਿੱਤਰਾਂ ਵਿਚੋਂ ਸਿਰਫ਼ ਦੋ ਬੰਦਿਆਂ ਨੇ ਖੁੱਲ੍ਹੇ ਦਿਲ ਨਾਲ ਮੇਰੇ ਕਨੇਡਾ ਆਉਣ ‘ਤੇ ਮੁਬਾਰਕਬਾਦ ਦਿੱਤੀ। ਇੱਕ ਹੈ ਜਰਨੈਲ ਸਿੰਘ ਕਹਾਣੀਕਾਰ ਤੇ ਦੂਜਾ ਕਿਰਪਾਲ ਸਿੰਘ ਪੰਨੂੰ. ਪ੍ਰਿੰਸੀਪਲ ਸਰਵਣ ਸਿੰਘ ਦਾ ਨਾਂ ਵੀ ਲਿਆ ਜਾ ਸਕਦਾ ਹੈ। ਕਿਸੇ ਹੋਰ ਬੰਦੇ ਵੱਲੋਂ ਮੈਨੂੰ ਇਸ ਤਰ੍ਹਾਂ ਦਾ ਕੋਈ ਉਤਸ਼ਾਹੀ ਹੁੰਗਾਰਾ ਨਹੀਂ ਮਿਲਿਆ। ਆਪਣੇ ਖੁੱਦਦਾਰ ਸੁਭਾਅ ਕਰਕੇ ਮੈਂ ਵੀ ਫੇਰ ਕੋਈ ਉਤਸ਼ਾਹ ਨਹੀਂ ਦਿਖਾਇਆ ਕਿ ਐਵੇਂ ਉੱਡ ਉੱਡ ਕੇ ਕਿਸੇ ਦੇ ਗਲ ਨੂੰ ਚੰਬੜਦਾ ਫਿਰਾਂ … ਸੋ ਮੇਰੀ ਅਜਿਹੀ ਝਿਜਕ ਵੀ ਮੈਨੂੰ ਸਾਹਿਤਕ ਹਲਕਿਆਂ ਤੋਂ ਕੁਝ ਪਾਸੇ ਰੱਖਦੀ ਰਹੀ. ਮੈਂ ਵੀ ਹੌਲੀ ਹੌਲੀ ਇਹ ਸੋਚਣ ਲੱਗਾ ਕਿ ਜੇ ਉਹ ਨਹੀਂ ਮਿਲੇ ਤਾਂ ਇਹ ਵੀ ਤਾਂ ਜ਼ਿੰਦਗੀ ਦਾ ਇੱਕ ਸੱਚ ਹੈ. ਮੈਂ ਤਾਂ ਉਹਨਾਂ ਵਾਂਗ ਹੀ ਹੁਣ ਕਿਸੇ ਦੂਜੇ ਟਾਹਣ ਨਾਲ ਏਥੇ ਆਣ ਚੰਬੜਿਆ ਸਾਂ। ਉਹ ਮੇਰਾ ਹੁਣ ਕਰਨ ਵੀ ਕੀ? ਕੀ ਉਹ ਇਹ ਸੋਚਦੇ ਸਨ ਕਿ ਮੈਂ ਏਥੇ ਉਹਨਾਂ ਦਾ ਕੋਈ ਸਾਹਿਤਕ-ਸ਼ਰੀਕ ਬਣ ਕੇ ਆ ਗਿਆ ਸਾਂ! ਜਾਂ ਇਹ ਸੋਚਦੇ ਹੋਣਗੇ ਕਿ ਏਥੇ ਤਾਂ ਕੋਈ ਨਾ ਕੋਈ ਹਰ ਰੋਜ਼ ਇੰਡੀਆ ਤੋਂ ਆ ਹੀ ਰਿਹਾ ਹੈ, ਤੂੰ ਆ ਗਿਐਂ ਤਾਂ ਕੀ ਤੇਰੀਆਂ ਹੁਣ ਮੁੱਠੀਆਂ ਭਰੀਏ! ਪਰ ਇਸ ਦੇ ਬਾਵਜੂਦ ਕੁਝ ਉਹਨਾਂ ਲੋਕਾਂ ਨੂੰ, ਜਿਹੜੇ ਇੰਡੀਆ ਵਿੱਚ ਆ ਕੇ ਮੈਨੂੰ ਕਦੀ ਮਿਲੇ ਨਹੀਂ ਸਨ ਪਰ ਮੇਰੀਆਂ ਲਿਖਤਾਂ ਦੇ ਕਦਰਦਾਨ ਸਨ, ਜਦੋਂ ਮੇਰੇ ਇੱਥੇ ਆਉਣ ਦਾ ਪਤਾ ਲੱਗਿਆ ਤਾਂ ਉਹ ਹੌਲੀ ਹੌਲੀ ਮੇਰੇ ਨੇੜੇ ਆਉਣ ਲੱਗੇ ਅਤੇ ਆਪਣੀਆਂ ਸਾਹਿਤਕ-ਸਭਿਆਚਾਰਕ ਬੈਠਕਾਂ ਵਿੱਚ ਉਚੇਚ ਨਾਲ ਬੁਲਾਉਣ ਲੱਗੇ। ‘ਕਲਮਾਂ ਦੇ ਕਾਫ਼ਿਲੇ’ ਵਾਲਿਆਂ ਤਾਂ ਮੇਰੀਆਂ ਜੀਵਨ-ਭਰ ਦੀਆਂ ਪ੍ਰਾਪਤੀਆਂ ਲਈ ਮੇਰਾ ਸਨਮਾਨ ਵੀ ਕੀਤਾ। ਇਹਨਾਂ ਬੈਠਕਾਂ ਵਿੱਚ ਆਮ ਤੌਰ ‘ਤੇ ਕਿਰਪਾਲ ਸਿੰਘ ਪੰਨੂੰ ਤੇ ਕਦੀ ਨਾ ਕਦੀ ਕੋਈ ਹੋਰ ਦੋਸਤ ਮਿੱਤਰ ਹੀ ਲੈ ਵੀ ਜਾਂਦਾ ਹੈ ਤੇ ਛੱਡ ਵੀ ਜਾਂਦਾ ਹੈ।
----
ਸੁਖਿੰਦਰ: ਕੀ ਇਹਨਾਂ ਸਾਹਿਤਕ ਅਦਾਰਿਆਂ ਵਿੱਚ ਸਿਰਫ ਵਾਹ ਵਾਹ ਕਰਨ ਵਾਲਾ ਹੀ ਮਾਹੌਲ ਸੀ ਜਾਂ ਕਿ ਕਿਤੇ ਕੋਈ ਗੰਭੀਰ ਗੱਲ ਸੁਨਣ ਨੂੰ ਵੀ ਮਿਲੀ ਹੈ?
ਡਾ: ਸੰਧੂ: ਇੱਕ ਸੰਸਥਾ ਤਾਂ ਹੈ ‘ਕਲਮਾਂ ਦਾ ਕਾਫ਼ਿਲਾ’ -ਤੁਸੀਂ ਵੀ ਜਾਣਦੇ ਹੀ ਹੋ। ਮੈਂ ਵੇਖਿਆ ਹੈ ਕਿ ਇਹ ਅਦਾਰਾ ਲੇਖਕ-ਮਿੱਤਰਾਂ ਦੇ ਮਹੀਨੇ ਬਾਅਦ ਮਿਲਣ-ਗਿਲਣ ਦਾ ਚੰਗਾ ਪ੍ਰਬੰਧ ਕਰਦਾ ਹੈ। ਪਰ ਬਹੁਤੀ ਵਾਰ ਮੇਰੇ ਲਾਭ ਵਾਲੀ ਕੋਈ ਵੱਡੀ ਗੰਭੀਰ ਸਾਹਿਤਕ ਚਰਚਾ ਏਥੇ ਨਹੀਂ ਹੁੰਦੀ। ਆਮ ਤੌਰ ਉੱਤੇ ਉਨ੍ਹਾਂ ਦਾ ਰਵੱਈਆ ਇਹ ਹੈ ਕਿ ਕੋਈ ਵੀ ਸਾਹਿਤਕਾਰ ਇੰਡੀਆ ਤੋਂ ਆਵੇ ਤਾਂ ਉਸ ਨਾਲ ਉਹ ਸਾਹਿਤਕ-ਮਿਲਣੀ ਕਰਵਾ ਦਿੰਦੇ ਹਨ। ਇੱਕ-ਅੱਧਾ ਮਹੀਨਾ ਛੱਡ ਕੇ ਇੰਡੀਆ ਤੋਂ ਕੋਈ ਨਾ ਕੋਈ ਆਇਆ ਹੀ ਰਹਿੰਦਾ ਹੈ। ਆਏ ਸਾਹਿਤਕਾਰ ਨੂੰ ਆਦਰ-ਮਾਣ ਦੇਣਾ ਚੰਗੀ ਗੱਲ ਹੈ। ਪਰ ਜੇ ਇਸਨੂੰ ਮੇਰੀ ਹਉਮੈਂ ਨਾ ਸਮਝਿਆ ਜਾਵੇ ਤਾਂ ਮੈਂ ਇਹ ਆਖਣ ਦੀ ਗੁਸਤਾਖ਼ੀ ਕਰਨਾ ਚਾਹੁੰਦਾ ਹਾਂ ਕਿ ਇੰਡੀਆ ਤੋਂ ਅਜਿਹੇ ਵੀ ਸਾਹਿਤਕਾਰ ਆਉਂਦੇ ਰਹਿੰਦੇ ਹਨ ਜਿਹੜੇ ਬਹੁਤ ਹੀ ਸਾਧਾਰਨ ਪੱਧਰ ਦੇ ਹੁੰਦੇ ਹਨ। ਮਹੀਨੇ ਪਿੱਛੋਂ ਆਉਣ ਵਾਲਾ ਅਤੇ ਚੰਗੀ ਗੱਲ-ਬਾਤ ਲਈ ਮੌਕਾ ਦੇਣ ਵਾਲਾ ਇਹ ਇਕੱਠ ਉਸ ਸਾਧਾਰਨ ਕਿਸਮ ਦੇ ਲੇਖਕ ਦੀਆਂ ਰਚਨਾਵਾਂ, ਕਵਿਤਾਵਾਂ ਜਾਂ ਵਿਚਾਰ ਸੁਣਨ ‘ਤੇ ਖ਼ਰਚ ਕਰ ਦਿੱਤਾ ਜਾਂਦਾ ਹੈ। ਮੈਨੂੰ ਕੋਈ ਕਹੇ ਕਿ ਫਲਾਣਾ ਬੰਦਾ ਉੱਥੋਂ ਆਇਆ ਹੈ, ਉਸਨੂੰ ਆ ਕੇ ਸੁਣੋਂ! ਤਾਂ ਮੈਂ ਸੋਚਦਾ ਹਾਂ ਕਿ ਮੈਂ ਉੱਥੇ ਜਾ ਕੇ ਕੀ ਕਰਨਾ ਹੈ। ਉੱਥੇ ਰਿਹਾ ਹੋਣ ਕਰਕੇ ਤੇ ਸਾਰੇ ਪੰਜਾਬੀ ਜਗਤ ਨੂੰ ਜਾਣਦੇ ਹੋਣ ਕਰਕੇ ਮੈਂ ਜਾਣਦਾ ਹੁੰਦਾ ਹਾਂ ਕਿ ਆਉਣ ਵਾਲਾ ਕਿੰਨੇ ਕੁ ਪਾਣੀ ‘ਚ ਹੈ! ਮੈਂ ਇਹੋ ਜਿਹੇ ਮਹਿਮਾਨ ਲੇਖਕ ਦੇ ਪ੍ਰਵਚਨ ਸੁਣਨ ਜਾਣ ਤੋਂ ਗੁਰੇਜ਼ ਹੀ ਕਰਦਾ ਹਾਂ। ਕਦੀ ਕਦੀ ਤਾਂ ਲੱਗਣ ਲੱਗਦਾ ਹੈ ਕਿ ਕਾਫ਼ਿਲੇ ਵਾਲਿਆਂ ਲਈ ਸਾਰੇ ਲੇਖਕ ਹੀ ਇੱਕੋ ਪੱਧਰ ਦੇ ਤੇ ਇਕੋ ਜਿੰਨੇ ਸਨਮਾਨ ਦੇ ਹੱਕਦਾਰ ਹਨ। ਮੈਂ ਚਾਹੁੰਦਾ ਹਾਂ ਕਿ ਮਿਲ਼ਣ-ਗਿਲ਼ਣ ਤੋਂ ਇਲਾਵਾ ਸਾਹਿਤਕ ਮੁੱਦਿਆਂ ‘ਤੇ ਗੰਭੀਰ ਚਰਚਾ ਕਰਨ ਕਰਵਾਉਣ ਦਾ ਉਪਰਾਲਾ ਕਾਫ਼ਿਲੇ ਵਾਲੇ ਮਿੱਤਰਾਂ ਨੂੰ ਕਰਦੇ ਰਹਿਣਾ ਚਾਹੀਦਾ ਹੈ। ਉਂਝ ਮੇਰਾ ਖ਼ਿਆਲ ਹੈ ਕਿ ਚਲੋ ਉੱਥੇ ਦੋਸਤ ਮਿੱਤਰ ਮਿਲ ਤਾਂ ਲੈਂਦੇ ਨੇ ਇੱਕ ਦੂਜੇ ਨੂੰ …. ਕਦੀ ਕਦੀ ਚੰਗੀ ਗੱਲ-ਬਾਤ ਵੀ ਹੋ ਹੀ ਜਾਂਦੀ ਹੈ। ਦੂਜਾ ਹੈ ਕਹਾਣੀਕਾਰਾਂ ਦਾ ਇੱਕ ਅਦਾਰਾ। ਜਿਹੜੇ ਟੋਰਾਂਟੋ ਦੇ ਆਸ ਪਾਸ ਰਹਿੰਦੇ ਕਹਾਣੀਕਾਰ ਹਨ - ਉਹ ਹਰ ਤਿੰਨ ਮਹੀਨੇ ਬਾਅਦ ਇਕੱਠੇ ਹੁੰਦੇ ਹਨ। ਉਸ ਇਕੱਠ ਵਿੱਚ ਆਪਣੀਆਂ ਨਵੀਆਂ ਲਿਖੀਆਂ ਕਹਾਣੀਆਂ ਪੜ੍ਹਦੇ ਹਨ ਅਤੇ ਉਸ ਉੱਤੇ ਚਰਚਾ ਕਰਦੇ ਹਨ। ਮੈਂ ਦੋ ਸਾਲ ਪਹਿਲਾਂ ਜਦੋਂ ਬਤੌਰ ਵਿਜ਼ਿਟਰ ਆਇਆ ਸਾਂ ਉਦੋਂ ਕ੍ਰਿਪਾਲ ਸਿੰਘ ਪੰਨੂੰ ਹੁਰਾਂ ਦੇ ਘਰ ਕਹਾਣੀ ਗੋਸ਼ਟੀ ਸੀ। ਮੈਨੂੰ ਓਥੇ ਬੁਲਾਇਆ ਗਿਆ। ਉਨ੍ਹਾਂ ਦੀਆਂ ਮੈਂ ਦੋ ਕਹਾਣੀਆਂ ਸੁਣੀਆਂ ਅਤੇ ਫਿਰ ਕਿਸੇ ਪਾਰਟੀ ਵਿੱਚ ਜਾਣ ਕਰ ਕੇ ਮੈਨੂੰ ਉਥੋਂ ਉੱਠਣਾ ਪਿਆ। ਜਾਣ ਤੋਂ ਪਹਿਲਾਂ ਮੈਂ ਉਹਨਾਂ ਦੋ ਕਹਾਣੀਆਂ ਬਾਰੇ ਬੋਲਿਆ ਤੇ ਬਿਨ੍ਹਾਂ ਕਿਸੇ ਝਿਜਕ ਦੇ ਆਪਣੇ ਵਿਚਾਰ ਨਿਰਪੱਖ ਹੋ ਕੇ ਪ੍ਰਗਟ ਕੀਤੇ। ਭਾਵੇਂ ਉਹਨਾਂ ਨੇ ਇਹ ਆਪਸੀ ਰਾਇ ਬਣਾਈ ਹੋਈ ਸੀ ਕਿ ਕਿਸੇ ਦੀ ਬਹੁਤੀ ਆਲੋਚਨਾ ਨਹੀਂ ਕਰਨੀ ਸਗੋਂ ‘ਸਹਿੰਦੀ ਸਹਿੰਦੀ’ ਆਲੋਚਨਾ ਹੀ ਕਰਨੀ ਚਾਹੀਦੀ ਹੈ। ਜਿੱਥੋਂ ਤੱਕ ਹੋ ਸਕੇ ਲੇਖਕ ਨੂੰ ਹੌਂਸਲਾ ਦੇਣ ਲਈ ਪ੍ਰਸ਼ੰਸ਼ਾ ਹੀ ਕਰਨੀ ਚਾਹੀਦੀ ਹੈ। ਪਰ ਜਦੋਂ ਉਹਨਾਂ ਮੇਰੀਆਂ ਗੱਲਾਂ ਸੁਣੀਆਂ ਤਾਂ ਉਨ੍ਹਾਂ ਨੂੰ ਲੱਗਾ ਕਿ ਇਹ ਬੰਦਾ ਨਿਰਪੱਖ ਹੋ ਕੇ ਜਿਵੇਂ ਕਹਾਣੀ ਦਾ ਵਿਸ਼ਲੇਸ਼ਣ ਕਰਦਾ ਹੈ ਅਤੇ ਕਹਾਣੀ ਦੀ ਵਿਧਾ ਬਾਰੇ ਕਈ ਨੁਕਤੇ ਸੁਝਾਉਂਦਾ ਹੈ, ਉਹ ਨਿੰਦਿਆ-ਪ੍ਰਸ਼ੰਸ਼ਾ ਤੋਂ ਬਿਨ੍ਹਾਂ ਸੁਹਿਰਦ ਭਾਵ ਨਾਲ ਕਰਦਾ ਹੈ; ਇਸ ਲਈ ਸਾਨੂੰ ਇਸਦੀ ਗੱਲ ਜ਼ਰੂਰ ਧਿਆਨ ਨਾਲ ਸੁਨਣੀ ਚਾਹੀਦੀ ਹੈ। ਉਹਨਾਂ ਅਗਲੇ ਦਿਨਾਂ ਵਿੱਚ ਇੱਕ ਹੋਰ ਮੀਟਿੰਗ ਰੱਖ ਲਈ ਤੇ ਮੈਨੂੰ ਕਿਹਾ ਕਿ ਮੈਂ ਉਹਨਾਂ ਨਾਲ ਕਹਾਣੀ ਦੀ ਵਿਧਾ ਬਾਰੇ ਵਿਸਥਾਰ ਨਾਲ ਗਲ ਕਰਾਂ। ਉਹਨਾਂ ਲਗਭਗ ਤਿੰਨ ਘੰਟੇ ਮੇਰੀਆਂ ਗੱਲਾਂ ਬੜੇ ਧਿਆਨ ਨਾਲ ਸੁਣੀਆਂ। ਮੈਂ ਇਹ ਵੀ ਕਿਹਾ ਕਿ ਸਾਨੂੰ ਨਵੇਂ ਲਿਖਣ ਵਾਲੇ ਲੇਖਕਾਂ ਨੂੰ ਹੌਂਸਲਾ ਦੇਣਾ ਵੀ ਚਾਹੀਦਾ ਹੈ ਪਰ ਨਾਲ ਦੀ ਨਾਲ ਲਿਖਣ ਵਾਲੇ ਨੂੰ … ਖਾਸ ਤੌਰ ਤੇ ਜਿਨ੍ਹਾਂ ਨੇ ਆਪਣਾ ਕੁਝ ਨ ਕੁਝ ਮੁਕਾਮ ਬਣਾਇਆ ਹੋਇਆ ਹੈ, ਉਨ੍ਹਾਂ ਦੀਆਂ ਰਚਨਾਵਾਂ ਨੂੰ ਪਰਖ ਕੇ ਜੇਕਰ ਉਨ੍ਹਾਂ ਦੀ ਚੰਗਿਆਈ ਜਾਂ ਬੁਰਿਆਈ ਨੂੰ ਨਿਤਾਰ ਕੇ ਉਸਦਾ ਵਿਸ਼ਲੇਸ਼ਣ ਅਤੇ ਅਧਿਅਨ ਕੀਤਾ ਜਾਵੇ ਤਾਂ ਇਸ ਨਾਲ ਉਸ ਲੇਖਕ ਦਾ ਭਲਾ ਵੀ ਹੋਵੇਗਾ ਤੇ ਠੀਕ ਕਿਸਮ ਦਾ ਸਾਹਿਤਕ-ਸਭਿਆਚਾਰ ਉਸਾਰਨ ਵਿੱਚ ਸਹਾਇਤਾ ਵੀ ਮਿਲੇਗੀ। ਨਿਰੀ ਬੱਲੇ ਬੱਲੇ ਕਰੀ ਜਾਣ ਦਾ ਕੋਈ ਲਾਭ ਨਹੀਂ। ਮੈਂ ਉਨ੍ਹਾਂ ਨੂੰ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਸੱਚ ਕਹੋ ਅਤੇ ਸੱਚ ਸੁਨਣ ਦੀ ਹਿੰਮਤ ਵੀ ਰੱਖੋ. ਇਸ ਨਾਲ ਹੀ ਰਚਨਾ ਵਿੱਚ ਨਿਖ਼ਾਰ ਆ ਸਕੇਗਾ। ਮੈਨੂੰ ਬੜੀ ਖ਼ੁਸ਼ੀ ਹੈ ਕਿ ਅੱਜ-ਕੱਲ੍ਹ ਹੁੰਦੀਆਂ ਕਹਾਣੀ ਗੋਸ਼ਟੀਆਂ ਵਿੱਚ ਕਹਾਣੀ ਬਾਰੇ ਬੜਾ ਹੀ ਗੰਭੀਰ ਸੰਵਾਦ ਹੁੰਦਾ ਹੈ ਅਤੇ ਬੜੇ ਖਲੂਸ ਨਾਲ ਗੱਲ ਕੀਤੀ ਤੇ ਸੁਣੀ ਜਾਂਦੀ ਹੈ।
----
ਸੁਖਿੰਦਰ: ਅਜੋਕੇ ਸਮਿਆਂ ਵਿੱਚ ਜਦੋਂ ਕਿ ਹਰ ਪਾਸੇ ਭ੍ਰਿਸ਼ਟਾਚਾਰ ਅਤੇ ਪ੍ਰਦੂਸ਼ਨ ਫੈਲ ਰਿਹਾ ਹੈ. ਇੱਕ ਸਾਹਿਤਕਾਰ ਅਜਿਹੇ ਸਮਿਆਂ ਵਿੱਚ ਕੀ ਕਰ ਸਕਦਾ ਹੈ?
ਡਾ: ਸੰਧੂ: ਸਾਹਿਤਕਾਰ ਤੋਂ ਅਸੀਂ ਤਵੱਕੋ ਤਾਂ ਬਹੁਤ ਕਰਦੇ ਹਾਂ। ਬਜ਼ਾਤੇ ਖੁਦ ਮੈਂ ਇਸ ਗੱਲ ਦਾ ਧਾਰਨੀ ਹਾਂ ਕਿ ਸਾਹਿਤਕਾਰ ਖ਼ੁਦ ਵੀ ਚੰਗਾ ਬੰਦਾ ਹੋਵੇ ਅਤੇ ਨਾਲ ਹੀ ਸਾਹਿਤਕਾਰ ਵੀ ਚੰਗਾ ਹੋਵੇ। ਦੋਨੋਂ ਗੱਲਾਂ ਹੋਣ ਤਾਂ ਬਹੁਤ ਵਧੀਆ ਗੱਲ ਹੈ। ਸਾਹਿਤਕਾਰ ਦੀ ਲਿਖਤ ਤੇ ਸ਼ਖ਼ਸੀਅਤ ਵਿੱਚ ਪਾੜਾ ਨਹੀਂ ਹੋਣਾ ਚਾਹੀਦਾ। ਕੁਝ ਲੋਕਾਂ ਦਾ ਇਹ ਵਿਚਾਰ ਹੈ ਕਿ ਲੇਖਕ ਅਤੇ ਲਿਖਤ ਦਾ ਆਪਸੀ ਰਿਸ਼ਤਾ ਜੋੜ ਕੇ ਤਾਂ ਓਨਾ ਚਿਰ ਹੀ ਵੇਖਿਆ ਪਰਖ਼ਿਆ ਜਾ ਸਕਦਾ ਹੈ ਜਿੰਨਾਂ ਚਿਰ ਲੇਖਕ ਜਿਊਂਦਾ ਹੈ। ਲੇਖਕ ਦੇ ਤੁਰ ਜਾਣ ਬਾਅਦ ਤਾਂ ਲਿਖਤ ਦਾ ਮੁੱਲਅੰਕਣ ਹੀ ਹੋਣਾ ਹੈ, ਬੰਦੇ ਦਾ ਨਹੀਂ। ਬੰਦੇ ਤੋਂ ਬਾਅਦ ਤਾਂ ਲਿਖਤ ਹੀ ਜਿਉਂਦੀ ਰਹਿਣੀ ਹੈ। ਇਸ ਲਈ ਲਿਖਤ ਹੀ ਚੰਗੀ ਹੋਣੀ ਚਾਹੀਦੀ ਹੈ, ਬੰਦਾ ਆਪ ਭਾਵੇਂ ਜਿਸਤਰ੍ਹਾਂ ਦਾ ਮਰਜ਼ੀ ਹੋਵੇ। ਪਰ ਸੱਚੀ ਗੱਲ ਇਹ ਹੈ ਅਤੇ ਮੇਰੀ ਇੱਛਾ ਵੀ ਹੈ ਕਿ ਜਿਨ੍ਹਾਂ ਸਾਹਿਤਕਾਰ ਲੋਕਾਂ ਤੋਂ ਅਸੀਂ ਸਮਾਜ ਨੂੰ ਬਦਲਣ ਦੀ ਆਸ ਕਰਦੇ ਹਾਂ ਉਹਨਾਂ ਦਾ ਆਪਣਾ ਕਿਰਦਾਰ ਵੀ ਚੰਗਾ ਹੋਣਾ ਚਾਹੀਦਾ ਹੈ। ਲਿਖਤ ਵੀ ਚੰਗੀ ਹੋਵੇ ਤੇ ਲੇਖਕ ਵੀ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਅੱਗੋਂ ਸੋਚਣ ਵਾਲਿਆਂ ਦੀ ਇੱਕ ਧਿਰ ਦਾ ਤਾਂ ਇਹ ਵੀ ਕਹਿਣਾ ਕਿ ਸਾਹਿਤ ਦਾ ਕੰਮ ਸਮਾਜ ਨੂੰ ਬਦਲਣਾ ਨਹੀਂ। ਸਾਹਿਤ ਤਾਂ ਕੇਵਲ ਸਵੈ-ਪ੍ਰਗਟਾਵੇ ਦਾ ਮਾਧਿਅਮ ਹੈ। ਪਰ ਮੈਂ ਇਹਨਾਂ ਲੋਕਾਂ ਵਿਚੋਂ ਨਹੀਂ. ਮੈਂ ਸਾਹਿਤ ਦੀ ਸਮਾਜਿਕ ਜ਼ਿੰਮੇਵਾਰੀ ਤੋਂ ਇਨਕਾਰੀ ਨਹੀਂ। ਪਰ ਮੈਨੂੰ ਇਹ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਮੈਂ ਜਿੰਨੇ ਕੁ ਸਾਹਿਤਕ ਸਰਕਲ ਵਿੱਚ ਵਿਚਰਿਆ ਹਾਂ … ਤੇ ਮੈਂ ਇੰਡੀਆ ਵਿੱਚ ਕਾਫ਼ੀ ਵੱਡੇ ਸਰਕਲ ਵਿੱਚ ਵਿਚਰਿਆ ਹਾਂ। ਮੈਂ ਬਹੁਤ ਸਾਰੇ ਸਾਹਿਤਕਾਰਾਂ ਨੂੰ ਨੇੜੇ ਤੋਂ ਵੇਖਿਆ ਅਤੇ ਜਾਣਿਆਂ ਹੈ; ਮੈਨੂੰ ਬਹੁਤ ਹੈਰਾਨੀ ਹੁੰਦੀ ਹੈ ਕਿ ਜਿਨ੍ਹਾਂ ਤੋਂ ਅਸੀਂ ਸਮਾਜ ਨੂੰ ਬਦਲਣ ਦੀ ਆਸ ਰੱਖੀ ਬੈਠੇ ਹਾਂ ਇਹ ਤਾਂ ਆਮ ਲੋਕਾਂ ਤੋਂ ਵੀ ਬਹੁਤ ਗੱਲਾਂ ਵਿੱਚ ਗਏ ਗੁਜ਼ਰੇ ਹਨ। ਆਮ ਲੋਕਾਂ ਨਾਲੋਂ ਵੀ ਕਿਤੇ ਵੱਧ ਘਟੀਆ ਅਤੇ ਕਮੀਨੀਗੀ ਵਾਲਾ ਵਿਵਹਾਰ ਕਰਦੇ ਹਨ। ਪਰ ਇਸ ਦੇ ਬਾਵਜ਼ੂਦ ਮੈਂ ਇਹ ਆਸ ਨਹੀਂ ਛੱਡੀ ਕਿ ਇੱਕ ਲੇਖਕ ਨੂੰ ਸਮਾਜ ਨੂੰ ਬਦਲਣ ਲਈ, ਲੋਕਾਂ ਨੂੰ ਬਦਲਣ ਲਈ, ਆਪਣੀਆਂ ਲਿਖਤਾਂ ਰਾਹੀਂ ਵੀ ਯੋਗਦਾਨ ਪਾਉਣਾ ਚਾਹੀਦਾ ਹੈ ਅਤੇ ਜਿੱਥੋਂ ਕੁ ਤੱਕ ਹੋ ਸਕੇ, ਆਪਣੇ ਐਕਸ਼ਨ ਰਾਹੀਂ ਵੀ … ਪਰ ਇਸ ਤਰ੍ਹਾਂ ਦੇ ਸਾਡੇ ਕੋਲ ਪੰਜਾਬੀ ਵਿੱਚ ਬਹੁਤ ਹੀ ਥੋੜੇ ਜਿਹੇ ਗਿਣੇ ਚੁਣੇ ਲੇਖਕ ਹੀ ਹਨ। ਮੈਂ ਇਹ ਵੀ ਜਾਣਦਾ ਹਾਂ ਕਿ ਸਾਹਿਤ ਦਾ ਕੰਮ ਤੁਰਤ ਫੁਰਤ ਸਮਾਜ ਨੂੰ ਬਦਲ ਦੇਣਾ ਨਹੀਂ, ਇਹ ਕਾਰਜ ਬੜੀ ਧੀਮੀ ਗਤੀ ਨਾਲ ਹੁੰਦਾ ਹੈ ਅਤੇ ਬੰਦੇ ਨੂੰ ਪਤਾ ਵੀ ਨਹੀਂ ਲੱਗਦਾ ਕਿ ਉਸ ਅੰਦਰੋਂ ਕੁੱਝ ਪੁਰਾਣਾ ਤੇ ਜੰਗਾਲਿਆ ਹੋਇਆ ਟੁੱਟ ਕੇ ਕੁੱਝ ਨਵਾਂ ਜੁੜ ਗਿਆ ਹੈ। ਅਜਿਹਾ ਸਾਹਿਤ ਵਧੇਰੇ ਕਲਾਮਈ ਹੋਣਾ ਚਾਹੀਦਾ ਹੈ, ਸਟੇਜੀ ਪਰਚਾਰ ਵਰਗਾ ਨਹੀਂ। ਤੁਸੀਂ ਜਿਹੜੀ ਭ੍ਰਿਸ਼ਟਾਚਾਰ ਅਤੇ ਪ੍ਰਦੂਸ਼ਣ ਖ਼ਿਲਾਫ ਲੇਖਕਾਂ ਦੀ ਲੜਾਈ ਦੀ ਗੱਲ ਕੀਤੀ ਹੈ ਇਸ ਬਾਰੇ ਸਭ ਤੋਂ ਪਹਿਲਾਂ ਮੇਰਾ ਕਹਿਣਾ ਹੈ ਕਿ ਪਹਿਲਾਂ ਆਪ ਭ੍ਰਿਸ਼ਟਾਚਾਰੀ ਵਿਹਾਰ ਤੋਂ ਮੁਕਤ ਹੋਈਏ। ਲੇਖਕ ਤਾਂ ਖ਼ੁਦ ਭ੍ਰਿਸ਼ਟਾਚਾਰ ਵਿੱਚ ਗਲ਼-ਗਲ਼ ਧਸੇ ਹੋਏ ਹਨ ਅਤੇ ਸਾਹਿਤਕ ਪ੍ਰਦੂਸ਼ਣ ਨੂੰ ਜਨਮ ਦੇ ਰਹੇ ਹਨ. ਇਨਾਮ-ਸਨਮਾਨ ਪ੍ਰਾਪਤ ਕਰਨ ਲਈ ਚੰਗੇ-ਭਲੇ ‘ਪਹੁੰਚੇ ਹੋਏ’ ਲੇਖਕ ਕਿੱਥੋਂ ਤੱਕ ਜਾ ਸਕਦੇ ਹਨ, ਇਸ ਵਾਰ ਭਾਸ਼ਾ ਵਿਭਾਗ ਦੇ ‘ਮਿਲੇ ਜਾਂ ਲਏ ਗਏ’ ਇਨਾਮਾਂ ਨਾਲੋਂ ਢੁਕਵੀਂ ਉਦਾਹਰਣ ਹੋਰ ਕੀ ਹੋ ਸਕਦੀ ਹੈ। ਇਨਾਮ-ਸਨਮਾਨ, ਰੂਬਰੂ, ਲੋਈਆਂ ਅਤੇ ਮੁਮੈਂਟੋਆਂ ਦਾ ਆਪਸੀ ਆਦਾਨ ਪ੍ਰਦਾਨ, ਸੱਜੇ ਨੂੰ ਖੱਬਾ ਤੇ ਖੱਬੇ ਨੂੰ ਸੱਜਾ ਧੋਣ ਵਾਲੀ ਗੱਲ ਬਣ ਗਈ ਹੈ। ਬਾਹਰ ਬੈਠੇ ਦੋਮ ਦਰਜੇ ਦੇ ਲੇਖਕ ਸਰਕਾਰੀ ਪੈਸੇ ਨਾਲ ਇੰਡੀਆ ਵਿੱਚ ਵਿਕਾਊ ਬੈਠੇ ਦੋਮ ਦਰਜੇ ਦੇ ਆਲੋਚਕਾਂ ਨੂੰ ਟਿਕਟਾਂ ਦੇ ਕੇ ਸੱਦਦੇ ਹਨ ਤੇ ਦਸਾਂ ਬੰਦਿਆਂ ਦੇ ਇਕੱਠ ਵਿੱਚ ਉਹਨਾਂ ਆਲੋਚਕਾਂ ਤੋਂ ਆਪਣੇ ਹੱਕ ਵਿੱਚ ਲਿਖੇ ਸ਼ੋਭਾ-ਪਰਚੇ ਪੜ੍ਹਾਉਂਦੇ ਹਨ ਤੇ ਆਪਣੇ ਆਪ ਨੂੰ ਰਾਣੀ ਖਾਂ ਦੇ ਸਾਲਿਆਂ ਨਾਲੋਂ ਵੱਡੇ ਲੇਖਕ ਹੋਣ ਦਾ ਭਰਮ ਪਾਲੀ ਫਿਰਦੇ ਹਨ। ਹਰ ਦੂਜੇ ਮਹੀਨੇ ਕੋਈ ਨਾ ਕੋਈ ਟੋਲਾ ਮਿਲ ਕੇ ‘ਵਿਸ਼ਵ-ਕਾਨਫ਼ਰੰਸਾਂ’ ਕਰਵਾਈ ਜਾ ਰਿਹਾ ਹੈ। ਸਾਹਿਤਕਾਰ ਵੀ ਵਿਕਾਊ ਤੇ ਆਲੋਚਕ ਵੀ ਵਿਕਾਊ ਬਣ ਗਿਆ ਹੈ। ਇਸ ਗੰਧਲ-ਚੌਦੇਂ ਵਿੱਚ ਤਾਂ ਕਈ ਵਾਰ ਅਸਲੀ ਲੇਖਕ ਤੇ ਉਸਦੀ ਚੰਗੀ ਲਿਖਤ ਨੂੰ ਰੋਲਣ ਦਾ ਕੰਮ ਵੀ ਹੋ ਰਿਹਾ ਹੈ। ਆਪਣੀ ਲਿਖਤ ਨੂੰ ਉੱਤਮ ਬਣਾਉਣ ਦੀ ਥਾਂ ਉੱਤਮ ‘ਦਿਖਾਉਣ’ ਲਈ ਤੇ ਲਿਖਤ ਦਾ ਝੂਠਾ ‘ਮੁੱਲ ਪੁਆਉਣ’ ਲਈ ਬਹੁਤੇ ਲੇਖਕ ਤਰਲੋ-ਮੱਛੀ ਹੋ ਰਹੇ ਹਨ। ਸੋ ਜਿਹੜੇ ਲੇਖਕ ਆਪ ਹੀ ਕੱਜਲ ਦੀ ਕੋਠੜੀ ਵਿੱਚ ਵੜੇ ਹੋਏ ਹਨ ਉਹਨਾਂ ਤੋਂ ਤੁਸੀਂ ਸਾਫ਼-ਸ਼ੱਫ਼ਾਫ਼ ਕਦਰਾਂ ਕੀਮਤਾਂ ਲਈ ਲੜਨ ਦੀ ਆਸ ਕਿਵੇਂ ਕਰ ਸਕਦੇ ਹੋ? ਇਹ ਤਸਵੀਰ ਦਾ ਇੱਕ ਕਾਫ਼ੀ ਭਾਰਾ ਤੇ ਵੱਡਾ ਪਾਸਾ ਹੈ ਪਰ ਇਸਦੇ ਬਾਵਜੂਦ ਸਾਹਿਤਕਾਰਾਂ ਦਾ ਇੱਕ ਅਜਿਹਾ ਵਰਗ ਵੀ ਹੈ ਜੋ ਗਿਣਤੀ ਵਿੱਚ ਭਾਵੇਂ ਕਿੰਨਾਂ ਵੀ ਛੋਟਾ ਕਿਉਂ ਨਾ ਹੋਵੇ ਉਹ ਲਿਖਤ ਤੇ ਅਮਲ ਦੇ ਪੱਧਰ ਤੇ ਸੱਚ ਦੀ ਲੜਾਈ ਲੜ ਰਿਹਾ ਹੈ। ਇਹੋ ਵਰਗ ਹੀ ਹੈ ਜੋ ਕਈ ਸਾਲਾਂ ਤੋਂ ਪੰਜਾਬੀ ਨੂੰ ਬਣਦਾ ਸਥਾਨ ਦਿਵਾਉਣ ਦੀ ਹੱਕੀ ਲੜਾਈ ਲੜਦਾ ਰਿਹਾ ਹੈ।
----
ਸੁਖਿੰਦਰ: ਪਿਛਲੇ ਇੱਕ ਦਹਾਕੇ ਦੇ ਸਮੇਂ ਵਿੱਚ ਸਾਹਿਤਕ ਰੁਝਾਣ ਇੱਕ ਦੰਮ ਬਦਲ ਗਏ ਹਨ. ਹਰ ਕੋਈ ਕੰਨਜ਼ੀਊਮਰ ਕਲਚਰ ਤੋਂ ਪ੍ਰਭਾਵਤ ਹੋ ਰਿਹਾ ਹੈ. ਅਜਿਹੇ ਸਮਿਆਂ ਵਿੱਚ ਸਾਹਿਤ ਦੀ ਕੀ ਕੋਈ ਭੂਮਿਕਾ ਹੈ?
ਡਾ: ਸੰਧੂ: ਆਪਾਂ ਹੁਣੇ ਕੁਝ ਚਿਰ ਪਹਿਲਾਂ ਗੱਲ ਕਰ ਰਹੇ ਸਾਂ ਕਿ ਇਸ ਕਲਚਰ ਨੇ ਸਾਹਿਤ ਨੂੰ ਵੀ ਇੱਕ ਵਸਤੂ ਬਣਾ ਦਿੱਤਾ ਹੈ। ਮੈਂ ਇਸ ਨਾਲ ਸਹਿਮਤ ਹਾਂ। ਸਾਹਿਤ ਦੀ ਭੂਮਿਕਾ ਵੀ ਸਮੇਂ ਸਮੇਂ ਬਦਲਦੀ ਤੇ ਘਟਦੀ ਵਧਦੀ ਰਹਿੰਦੀ ਹੈ। ਜਿੱਥੋਂ ਤੀਕ ਅਸੀਂ ਜ਼ਿੰਦਗੀ ਨੂੰ ਬਦਲਣ ਵਾਲੇ ਸਾਰਥਿਕ ਸਾਹਿਤ ਦੀ ਗੱਲ ਕਰਦੇ ਹਾਂ ਉਹਦੀ ਵਧੇਰੇ ਸਾਰਥਿਕਤਾ ਅਤੇ ਸਮਰੱਥਾ ਉਦੋਂ ਹੁੰਦੀ ਹੈ ਜਦੋਂ ਜ਼ਿੰਦਗੀ ਅਤੇ ਸਮਾਜ ਵਿੱਚ ਵੀ ਨਾਲ ਦੇ ਨਾਲ ਤਬਦੀਲੀ ਦੀ ਕੋਈ ਲਹਿਰ ਚੱਲ ਰਹੀ ਹੋਵੇ। ਅਜਿਹੇ ਸਮਿਆਂ ਵਿੱਚ ਇੱਕ ਸਾਹਿਤਕਾਰ ਹੁਲਾਰੇ ਅਤੇ ਉਤਸ਼ਾਹ ਨਾਲ ਆਪਣੀਆਂ ਲਿਖਤਾਂ ਰਾਹੀਂ ਉਸ ਲਹਿਰ ਨੂੰ ਸਪਲੀਮੈਂਟ ਕਰ ਰਿਹਾ ਹੁੰਦਾ ਹੈ ਅਤੇ ਸਮਾਜਿਕ ਤਬਦੀਲੀ ਲਈ ਯੋਗਦਾਨ ਪਾ ਰਿਹਾ ਹੁੰਦਾ ਹੈ। ਇਸ ਪ੍ਰਸੰਗ ਵਿੱਚ ਅਸੀਂ ਗ਼ਦਰ ਲਹਿਰ ਦੀ ਕਵਿਤਾ ਤੇ ਪ੍ਰਗਤੀਵਾਦੀ ਸਾਹਿਤ ਦੀ ਦੇਣ ਦਾ ਜ਼ਿਕਰ ਕਰ ਸਕਦੇ ਹਾਂ। ਇਹ ਠੀਕ ਹੈ ਕਿ ਜਦੋਂ ਲਹਿਰਾਂ ਨਾਲ ਜੁੜ ਕੇ ਸਾਹਿਤ ਰਚਿਆ ਜਾ ਰਿਹਾ ਹੁੰਦਾ ਹੈ ਤਾਂ ਸਾਰਾ ਸਾਹਿਤ ਹੀ ਉੱਤਮ ਨਹੀਂ ਹੁੰਦਾ। ਬਹੁਤੀ ਵਾਰ ਕਲਾ ਦੀ ਥਾਂ ਨਾਅਰ੍ਹਾ ਅਤੇ ਪਰਚਾਰ ਭਾਰੀ ਹੋ ਜਾਂਦਾ ਹੈ। ਪਰ ਚੰਗੀਆਂ ਸਾਰਥਕ ਲਿਖਤਾਂ ਦੀ ਦੇਣ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ। ਪਰ ਜਦੋਂ ਚੌਗਿਰਦੇ ਦੇ ਜੀਵਨ ਵਿੱਚੋਂ ਸੱਚਾਈ, ਸੰਘਰਸ਼, ਅਗਾਂਹ ਵਧਣ ਦੀ ਲਹਿਰ ਵਿੱਚ ਇੱਕ ਖੜੋਤ ਆਈ ਹੋਵੇ ਤਾਂ ਉਸ ਘਾਟ ਕਰਕੇ ਲੇਖਕ ਅਤੇ ਉਸਦੀ ਲਿਖਤ ਵਿੱਚ ਵੀ ਕਈ ਵਾਰ ਖੜੋਤ ਆ ਜਾਂਦੀ ਹੈ। ਫਿਰ ਕੀ ਹੁੰਦਾ ਹੈ ਕਿ ਜ਼ਿੰਦਗੀ ਦੇ ਬਾਹਰਲੇ ਜਿਹੜੇ ਸਰੋਕਾਰ ਹਨ, ਸਮਾਜ ਨੂੰ ਬਦਲਣ ਵਾਲੇ, ਜ਼ਿੰਦਗੀ ਨੂੰ ਬਦਲਣ ਵਾਲੇ - ਉਨ੍ਹਾਂ ਵੱਲੋਂ ਚੁੱਪ ਵੱਟ ਕੇ ਲੇਖਕ ਨਿਰੋਲ ਅੰਤਰਮੁਖੀ ਹੋ ਜਾਂਦਾ ਹੈ ਅਤੇ ਨਿਰੋਲ ਅੰਦਰਲੀਆਂ ਮਾਨਸਿਕ ਘੁਣਤਰਾਂ ਦੇ ਪ੍ਰਗਟਾਵੇ ਤੱਕ ਹੀ ਆਪਣੇ ਆਪ ਨੂੰ ਸੀਮਤ ਕਰ ਲੈਂਦਾ ਹੈ ਅਤੇ ਜਾਂ ਤਾਂ ਕੋਝੇ ਕਾਮ ਸਾਹਿਤ ਦੀ ਰਚਨਾ ਕਰਨੀ ਸ਼ੁਰੂ ਕਰ ਦਿੰਦਾ ਹੈ ਜਾਂ ਵਿਖੰਡਤ ਅਤੇ ਨਾਂਹਵਾਚੀ ਕਿਰਦਾਰ ਸਿਰਜਣਾ ਹੀ ਸਾਹਿਤ ਦਾ ਮੁੱਖ ਕਰਤੱਵ ਸਮਝਣ ਲੱਗ ਪੈਂਦਾ ਹੈ। ਪਰ ਸੁਚੇਤ ਸਾਹਿਤਕਾਰ ਇਹਨਾਂ ਦਿਨਾਂ ਵਿੱਚ ਵੀ ਜ਼ਿੰਦਗੀ ਦੀ ਹਕੀਕਤ ਵਿੱਚ ਡੂੰਘਾ ਉਤਰ ਕੇ ਉਸਦੀਆਂ ਵਿਭਿੰਨ ਲੁਕੀਆਂ ਪਰਤਾਂ ਨੂੰ ਉਧੇੜਨ ਦੇ ਯਤਨ ਵਿੱਚ ਲੱਗਾ ਰਹਿੰਦਾ ਹੈ। ਇਸਦੇ ਨਾਲ ਹੀ ਆਪਣੀ ਗੱਲ ਕਹਿਣ ਦੇ ਅੰਦਾਜ਼ ਅਤੇ ਨਵੀਆਂ ਜੁਗਤਾਂ ਦੀ ਤਲਾਸ਼ ਵਿੱਚ ਵੀ ਜੁੱਟਿਆ ਰਹਿੰਦਾ ਹੈ। ਉਹ ਦੁਖ ਅਤੇ ਨਿਰਾਸ਼ਾ ਦੀ ਗੱਲ ਕਰਦਾ ਹੋਇਆ ਵੀ ਦੁੱਖ ਅਤੇ ਨਿਰਾਸ਼ਾ ਦਾ ਕਾਰਨ ਲੱਭਣ ਲਈ ਯਤਨਸ਼ੀਲ ਹੁੰਦਾ ਹੈ। ਵਿਸ਼ਵੀਕਰਨ ਦੇ ਇਸ ਦੌਰ ਵਿੱਚ ਜਿੱਥੇ ਅੰਤਰਮੁਖੀ ਕਿਸਮ ਦਾ ਨਾਂਹਵਾਚੀ ਸਾਹਿਤ ਲਿਖਣ ਵਾਲੀ ਇੱਕ ਵੱਡੀ ਧਿਰ ਕਾਰਜਸ਼ੀਲ ਹੈ ਅਤੇ ਹਰ ਤਰ੍ਹਾਂ ਦੇ ਸਮਾਜਿਕ ਸਰੋਕਾਰਾਂ ਵਾਲੇ ਸਾਹਿਤ ਨੂੰ ਗਾਉਂਣ ਮਹੱਤਵ ਦੇ ਰਹੀ ਹੈ ਓਥੇ ਸਾਹਿਤਕਾਰਾਂ ਦਾ ਇੱਕ ਵਰਗ ਸਮਾਜਿਕ-ਮਨੁੱਖੀ ਜੀਵਨ ਦੇ ਸੰਕਟਾਂ ਤੇ ਸਰੋਕਾਰਾਂ ਦੀ ਸਾਰਥਿਕ ਅਤੇ ਸਾਹਿਤਕ ਪੇਸ਼ਕਾਰੀ ਲਈ ਵੀ ਜੂਝ ਰਿਹਾ ਹੈ।
----
ਸੁਖਿੰਦਰ: ਤੁਸੀਂ ਲੰਬੀ ਕਹਾਣੀ ਲਿਖਣ ਵਾਲੇ ਲੇਖਕ ਹੋ। ਪਰ ਅੱਜ ਦੇ ਲੇਖਕ ਤਾਂ ਮਿੰਟਾਂ ਸਕਿੰਟਾਂ ਵਿੱਚ ਕੁਝ ਲਿਖਕੇ ਮਸ਼ਹੂਰ ਹੋਣ ਦੇ ਸੁਪਣੇ ਦੇਖਦੇ ਹਨ। ਬਿਲਕੁਲ ਓਵੇਂ ਹੀ ਜਿਵੇਂ ਟੈਲੀਵੀਜ਼ਨ ਦੇ ਸਕਰੀਨ ਉੱਤੇ ਕਿਸੀ ਵਸਤ ਦੀ ਮਸ਼ਹੂਰੀ ਆ ਰਹੀ ਹੋਵੇ। ਕੀ ਤੁਸੀਂ ਵੀ ਇਸ ਸਥਿਤੀ ਬਾਰੇ ਇਸ ਤਰ੍ਹਾਂ ਹੀ ਮਹਿਸੂਸ ਕਰਦੇ ਹੋ?
ਡਾ: ਸੰਧੂ: ਦੇਖੋ, ਅਚੇਤ ਤੌਰ ਉੱਤੇ ਪ੍ਰਸਿੱਧੀ ਦੀ ਲਾਲਸਾ ਤਾਂ ਹਰ ਕਿਸੇ ਦੇ ਮਨ ਵਿੱਚ ਹੀ ਹੁੰਦੀ ਹੈ ਕਿ ਮੈਂ ਜਿਹੜੀ ਚੀਜ਼ ਲਿਖੀ ਹੈ ਉਹ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਅਤੇ ਵੱਧ ਤੋਂ ਵੱਧ ਲੋਕ ਮੈਨੂੰ ਜਾਨਣ ਅਤੇ ਪਹਿਚਾਨਣ ਤੇ ਯਾਦ ਰੱਖਣ। ਪਰ ਪ੍ਰਸਿੱਧੀ ਅਤੇ ਪਛਾਣ ਬਨਾਉਣ ਦਾ ਕੋਈ ਸ਼ਾਰਟ ਕੱਟ ਅਪਨਾਉਣ ਦੇ ਮੈਂ ਕਦੀ ਵੀ ਹੱਕ ਵਿੱਚ ਨਹੀਂ ਰਿਹਾ। ਕਿਸੇ ਜੁਗਾੜ ਰਾਹੀਂ ਛੇਤੀ ਪ੍ਰਸਿੱਧ ਹੋ ਜਾਣ ਦੀ ਭਾਵਨਾ ਮੇਰੇ ਸੁਭਾਅ ਦਾ ਹਿੱਸਾ ਹੀ ਨਹੀਂ ਰਹੀ। ਮੁੱਢ ਤੋਂ ਹੀ ਮੈਂ ਜਦੋਂ ਕੋਈ ਕਹਾਣੀ ਲਿਖਦਾ ਸੀ ਤਾਂ ਕਿਸੇ ਸਾਹਿਤ-ਸਭਾ ਵਿੱਚ ਪੜ੍ਹ ਕੇ ਕਿਸੇ ਤੋਂ ‘ਪ੍ਰਸ਼ੰਸ਼ਾ ਦਾ ਪ੍ਰਵਾਨਾ’ ਲੈਣ ਦੀ ਕਦੀ ਕੋਸ਼ਿਸ਼ ਨਹੀਂ ਕੀਤੀ। ਮੈਂ ਆਪਣੀ ਕਿਸੇ ਵੀ ਕਿਤਾਬ ਦਾ ਕਦੀ ਕਿਸੇ ਤੋਂ ਮੁੱਖਬੰਦ ਨਹੀਂ ਲਿਖਵਾਇਆ। ਆਪ ਆਪਣੀ ਕਿਸੇ ਕਿਤਾਬ ਉੱਤੇ ਗੋਸ਼ਟੀ ਆਯੋਜਿਤ ਕਰਨ ਦੀ ਕੋਸ਼ਿਸ਼ ਨਹੀਂ ਸੀ ਕੀਤੀ। ਇੱਕ ਦੌਰ ਅਜਿਹਾ ਵੀ ਆਇਆ ਜਦੋਂ ਕਿਹਾ ਜਾਂਦਾ ਰਿਹਾ ਕਿ ਦੋ ਕਹਾਣੀਕਾਰਾਂ ਬਾਰੇ ਬਹੁਤ ਚਰਚਾ ਹੋ ਰਹੀ ਹੈ ਅਤੇ ਇਹ ਪੰਜਾਬੀ ਕਹਾਣੀ ਦਾ ਅੱਧਾ ਅੱਧਾ ਅਸਮਾਨ ਨੇ- ਪ੍ਰੇਮ ਪ੍ਰਕਾਸ਼ ਅਤੇ ਵਰਿਆਮ ਸਿੰਘ ਸੰਧੂ। ਪਰ ਮੇਰਾ ਇਹ ਐਲਾਨ ਹੈ ਕਿ ਕੋਈ ਬਾਂਹ ਖੜ੍ਹੀ ਕਰਕੇ ਕਹੇ ਕਿ ਮੈਂ ਕਦੀ ਇੱਕ ਵੀ ਲਾਈਨ ਆਪਣੇ ਹੱਕ ਵਿੱਚ ਲਿਖਣ ਲਈ ਕਿਸੇ ਨੂੰ ਕਿਹਾ ਹੋਵੇ. ਹੋਰਨਾਂ ਫੁਟਕਲ ਜੁਗਾੜਾਂ ਵਿੱਚ ਪੈ ਕੇ ਮਸ਼ਹੂਰੀ ਖੱਟਣ ਨਾਲੋਂ ਮੈਂ ਆਪਣੇ ਮਨ ਦੀ ਤਪਦੀ ਭੱਠੀ ਵਿੱਚ ਆਪਣੀ ਰਚਨਾ ਨੂੰ ਪਕਾਉਣ ਦੇ ਉਪਰਾਲੇ ਹੀ ਕਰਦਾ ਰਿਹਾ ਤੇ ਮੇਰੀ ਇਸੇ ਸਾਧਨਾ ਦਾ ਹੀ ਫ਼ਲ ਹੈ ਕਿ ਸਿਰਫ਼ ਬੱਤੀ ਕਹਾਣੀਆਂ ਲਿਖਣ ‘ਤੇ ਹੀ ਮੈਨੂੰ ਸਾਹਿਤ ਅਕਾਦਮੀ ਦਾ ਜਾਂ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਦਾ ਸਨਮਾਨ ਹੀ ਨਹੀਂ ਮਿਲਿਆ ਸਗੋਂ ਇਸਤੋਂ ਵੀ ਵੱਧ ਸੈਂਕੜੇ ਪਾਠਕਾਂ ਦਾ ਬੇਓੜਕ ਪਿਆਰ ਮਿਲਿਆ ਹੈ. ਸਾਡੇ ਵੇਲੇ ਤਾਂ ਫਿਰ ਵੀ ਕਹਾਣੀ ਦਰਬਾਰ ਹੋਣ ਲੱਗ ਪਏ ਸਨ ਅਤੇ ਕਿਤਾਬਾਂ ‘ਤੇ ਗੋਸ਼ਟੀਆਂ ਵੀ। ਜਿੰਨ੍ਹਾਂ ਰਾਹੀਂ ਕਹਾਣੀਕਾਰ ਦੀ ਪ੍ਰੋਜੈਕਸ਼ਨ ਹੋਣ ਲੱਗ ਪਈ ਸੀ ਪਰ ਸਾਡੇ ਤੋਂ ਪਹਿਲੀਆਂ ਪੀੜ੍ਹੀਆਂ ਦੇ ਲੇਖਕ ਤਾਂ ਸਿਰਫ਼ ਕਹਾਣੀ ਲਿਖਦੇ ਸਨ। ਪਰਚਿਆਂ ਜਾਂ ਪੁਸਤਕਾਂ ਵਿੱਚ ਉਹਨਾਂ ਦੀ ਕੋਈ ਕਹਾਣੀ ਛਪਦੀ ਸੀ ਤੇ ਚੰਗੀ ਕਹਾਣੀ ਸਦਾ ਸਦਾ ਲਈ ਲੋਕਾਂ ਦੇ ਚੇਤਿਆਂ ਵਿੱਚ ਵੱਸ ਜਾਂਦੀ ਸੀ ਤੇ ਨਾਲ ਹੀ ਕਹਾਣੀਕਾਰ ਵੀ ਪਾਠਕ ਦੇ ਦਿਲ ਵਿੱਚ ਵੜ ਕੇ ਬੈਠ ਜਾਂਦਾ ਸੀ. ਸੇਖੋਂ, ਦੁੱਗਲ, ਸੁਜਾਨ ਸਿੰਘ, ਵਿਰਕ, ਧੀਰ, ਸਰਨਾ ਜਾਂ ਹੋਰਨਾਂ ਦੀ ਮਸ਼ਹੂਰੀ ਜੁਗਾੜਾਂ ਨਾਲ ਨਹੀਂ ਰਚਨਾ ਦੀ ਤਾਕਤ ਕਰ ਕੇ ਹੋਈ ਹੈ. ਅੱਗੇ ਤੋਂ ਵੀ ਇਸਤਰ੍ਹਾਂ ਹੀ ਹੁੰਦਾ ਰਹੇਗਾ। ਅੱਜ ਕੱਲ੍ਹ ਦੇ ਐਡਵਰਟਾਈਜ਼ਮੈਂਟ ਦੇ ਯੁਗ ਵਿੱਚ ਸਾਹਿਤ ਦੀ ਵਸਤਾਂ ਵਾਂਗ ਜਿੰਨੀ ਚਾਹੇ ਮਸ਼ਹੂਰੀ ਕਰੀ ਜਾਓ, ਇਹ ਮਸ਼ਹੂਰੀ ਫੂਸ ਦੀ ਅੱਗ ਵਾਂਗ ਇੱਕਦਮ ਬਲ ਕੇ ਛੇਤੀ ਹੀ ਬੁਝ ਜਾਣ ਵਾਲੀ ਹੈ। ਜਿਹੜੇ ਲੇਖਕ ਮਸ਼ਹੂਰੀ ਲਈ ਜੁਗਾੜ ਤੇ ਜੁਗਤਾਂ ਵਰਤ ਰਹੇ ਹਨ ਉਹ ਸਦਾ ਯਾਦ ਰੱਖਣ ਕਿ ਸਾਹਿਤ ਵਿੱਚ ਸਦੀਵੀ ਮਸ਼ਹੂਰੀ ਖੱਟਣ ਦਾ ਕੋਈ ਸ਼ਾਰਟ-ਕੱਟ ਨਹੀਂ।
----
ਸੁਖਿੰਦਰ: ਇੱਕ ਪਾਸੇ ਧਾਰਮਿਕ ਕੱਟੜਵਾਦ ਦੀ ਮਾਰ ਪੈ ਰਹੀ ਹੈ ਅਤੇ ਦੂਜੇ ਪਾਸੇ ਕੰਨਜ਼ੀਊਮਰ ਕਲਚਰ ਦੀ। ਇੱਕ ਆਮ ਮਨੁੱਖ ਅਜਿਹੀ ਸਥਿਤੀ ਵਿੱਚ ਆਪਣਾ ਬਚਾਓ ਕਿਵੇਂ ਕਰੇ? ਮੰਦਿਰਾਂ, ਮਸਜਿਦਾਂ, ਗਿਰਜਿਆਂ, ਗੁਰਦੁਆਰਿਆਂ ਵੱਲ ਦੌੜੇ ਜਾਂ ਕਿ ਆਪਣੇ ਆਪ ਵੱਲ?
ਡਾ: ਸੰਧੂ: ਦੇਖੋ! ਆਮ ਮਨੁੱਖ ਕਿਹੜੇ ਪਾਸੇ ਵੱਲ ਜਾਵੇ – ਉਹ ਰਸਤਾ ਵੇਖ ਸਕਣਾ ਆਮ ਮਨੁੱਖ ਦੇ ਵੱਸ ਦੀ ਗੱਲ ਨਹੀਂ। ਉਹ ਕਿਹੜੇ ਪਾਸੇ ਵੱਲ ਜਾਵੇ ਇਹ ਸਦਾ ਹੀ ਸਿਆਣੇ ਬੰਦਿਆਂ ਵੱਲੋਂ ਉਸਨੂੰ ਦੱਸਣ ਦੀ ਜ਼ਰੂਰਤ ਰਹਿੰਦੀ ਹੈ। ਸਾਡੇ ਸਭਿਆਚਾਰ ਵਿੱਚ ਗੁਰੂ ਦੀ ਗੱਲ ਇਸ ਪ੍ਰਸੰਗ ਵਿੱਚ ਵੀ ਵੇਖੀ-ਸਮਝੀ ਜਾ ਸਕਦੀ ਹੈ। ਦੁੱਖ ਦੀ ਗੱਲ ਹੈ ਕਿ ਅੱਜ ਠੀਕ ਰਾਹ ਵਿਖਾਉਣ ਵਾਲੇ ਅਜਿਹੇ ਸਿਆਣੇ ਬੰਦੇ ਘਟਦੇ ਜਾਂਦੇ ਹਨ ਤੇ ‘ਸਿਆਣੇ’ ਹੋਣ ਨਾਲੋਂ ਉਹ ਵਧੇਰੇ ‘ਘਰ ਨੂੰ ਸਿਆਣੇ’ ਹੁੰਦੇ ਜਾ ਰਹੇ ਹਨ। ਅਜਿਹੀ ਖ਼ੁਦ-ਮੁਖਤਾ ਦੇ ਰੂਬਰੂ ਸੱਚੀਆਂ ਸੁਚੀਆਂ ਸਮਾਜਿਕ-ਰਾਜਨੀਤਕ ਜੱਥੇਬੰਦੀਆਂ ਨਿਘਾਰ ਦੀ ਸਥਿਤੀ ਵਿੱਚ ਪਹੁੰਚ ਰਹੀਆਂ ਹਨ। ਕਦੀ ਅਗਾਂਹਵਧੂ ਵਿਚਾਰਾਂ ਦੀ ਏਨੀ ਚੜ੍ਹਤ ਸੀ ਕਿ ਕਾਲਿਜਾਂ ਵਿੱਚ, ਯੂਨੀਵਰਸਿਟੀਆਂ ਵਿੱਚ - ਇਹ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ ਜਾਂ ਧਾਰਮਿਕ ਜੱਥੇਬੰਦੀਆਂ ਨੇ, ਜਾਂ ਵਿਦਿਆਰਥੀਆਂ ਦੀਆਂ ਜਿਹੜੀਆਂ ਧਾਰਮਿਕ ਜੱਥੇਬੰਦੀਆਂ ਨੇ, ਉਨ੍ਹਾਂ ਦਾ ਕੋਈ ਨਾਮ ਨਿਸ਼ਾਨ ਨਹੀਂ ਸੀ ਹੁੰਦਾ-ਉਨ੍ਹਾਂ ਸਮਿਆਂ ਵਿੱਚ ਲੱਗਦਾ ਹੁੰਦਾ ਸੀ ਕਿ ਸਾਡੀ ਇਹ ਜਿਹੜੀ ਅਗਾਂਹਵਧੂ ਸੋਚ ਹੈ, ਇਸਦਾ ਏਨਾ ਵਿਆਪਕ ਪਸਾਰਾ ਹੈ ਕਿ ਅਸੀਂ ਸ਼ਾਇਦ ਕੁਝ ਹੀ ਸਮੇਂ ਵਿੱਚ ਰਾਜ ਜਾਂ ਸਮਾਜ ਵਿੱਚ ਕੋਈ ਵੱਡੀ ਤਬਦੀਲੀ ਵੀ ਦੇਖਾਂਗੇ। ਪਰ ਕਦੀ ਸਾਡੇ ਸੁਪਨੇ ਵਿੱਚ ਵੀ ਨਹੀਂ ਸੀ ਆਇਆ ਕਿ ਇਹ ਪਿਛਾਖੜ ਤਾਕਤਾਂ ਹਨ ਇਸ ਤਰੀਕੇ ਨਾਲ ਸਾਡੇ ਦੇਸ਼ ਉੱਤੇ ਭਾਰੂ ਹੋ ਜਾਣਗੀਆਂ? ਅੱਜ ਹਰ ਪਾਸੇ ਧਰਮ ਦੇ ਨਾਮ ਉੱਤੇ ਅਤੇ ਇਲਾਕਿਆਂ ਦੇ ਨਾਮ ਉੱਤੇ ਜਿਹੜੀ ਗੁੰਡਾਗਰਦੀ ਹੋ ਰਹੀ ਹੈ ਇਹ ਦੇਖਕੇ ਬਹੁਤ ਦੁੱਖ ਹੁੰਦਾ ਹੈ. ਸਾਧਰਾਨ ਵਿਅਕਤੀ ਅਜਿਹੀ ਸਥਿਤੀ ਵਿੱਚ ਸੰਸਥਾਗਤ ਧਰਮ ਵਿੱਚ ਠਾਹਰ ਲੱਭਦਾ ਹੈ ਪਰ ਸੁਚੇਤ ਵਿਅਕਤੀ ਆਪਣੇ ਅੰਦਰ ਨਾਲ ਸੰਵਾਦ ਰਚਾ ਕੇ, ਤਰਕ ਕਰਕੇ ਆਪਣੀ ਚੇਤਨਾ ਨੂੰ ਜੰਗਾਲੇ ਜਾਣ ਤੋਂ ਬਚਾਉਂਦਾ ਹੈ. ਅਜਿਹੀ ਸਥਿਤੀ ਵਿੱਚ ਸਾਡਾ ਯਤਨ ਹੋਣਾ ਚਾਹੀਦਾ ਹੈ ਕਿ ਬੰਦੇ ਨੂੰ ‘ਬੰਦੇ ਦਾ ਪੁੱਤ’ ਬਣੇ ਰਹਿਣ ਵਿੱਚ ਸਹਾਈ ਹੋਈਏ, ਉਸਨੂੰ ਨਿਰੋਲ ‘ਪੈਸੇ ਦਾ ਪੁੱਤ’ ਨਾ ਬਣਨ ਦਈਏ ਅਤੇ ਅੰਨ੍ਹੀ ਧਾਰਮਿਕ ਸ਼ਰਧਾ ਦੀ ਥਾਂ ਸਰਬੱਤ ਦੇ ਭਲੇ ਵਾਲੀ ਇਨਸਾਨੀ ਸੋਚ ਦਾ ਪਰਚਮ ਡਿੱਗਣ ਤੋਂ ਬਚਾਈ ਰੱਖੀਏ।
----
ਸੁਖਿੰਦਰ: ਪਿਛਲੇ ਇੱਕ ਦਹਾਕੇ ਵਿੱਚ ਰਚੇ ਗਏ ਪੰਜਾਬੀ ਸਾਹਿਤ ‘ਚੋਂ ਕੀ ਤੁਹਾਨੂੰ ਕੋਈ ਚੰਗੀ ਗੱਲ ਵੀ ਲੱਭੀ ਹੈ ਜਾਂ ਕਿ ਤੁਹਾਨੂੰ ਨਿਰਾਸਤਾ ਹੀ ਮਿਲੀ ਹੈ?
ਡਾ: ਸੰਧੂ: ਦੇਖੋ, ਮਾੜਾ ਸਾਹਿਤ ਪੜ੍ਹ ਕੇ ਨਿਰਾਸ਼ ਹੋਣ ਵਾਲੀ ਗੱਲ ਤਾਂ ਠੀਕ ਹੈ ਪਰ ਜਿਵੇਂ ਮੈਂ ਪਹਿਲਾਂ ਕਿਹਾ ਸੀ ਕਿ ਜਿਹੜਾ ਨਿਰਾਸ਼ਾ ਦਾ ਸਾਹਿਤ ਹੈ ਮੈਂ ਉਸਦੇ ਵਿਰੁੱਧ ਨਹੀਂ ਹਾਂ। ਚੰਗਾ ਲੇਖਕ ਸਾਹਿਤ ਦੇ ਵਿੱਚ ਨਿਰਾਸ਼ ਕਰਨ ਵਾਲੀਆਂ ਸਥਿਤੀਆਂ ਨੂੰ ਵੀ ਪੇਸ਼ ਕਰਨ ਸਮੇਂ ਅਜਿਹੀ ਕੌਸ਼ਲਤਾ ਦੀ ਵਰਤੋਂ ਕਰਦਾ ਹੈ ਜਿਸ ਰਾਹੀਂ ਉਸ ਸਾਹਿਤ ਨੂੰ ਪੜ੍ਹਕੇ ਅਜਿਹੀ ਲਿਸ਼ਕ ਪੈਦਾ ਹੁੰਦੀ ਹੈ ਜਿਸ ਨਾਲ ਸਾਡੇ ਮਨ ਵਿੱਚ ਅਜਿਹੀਆਂ ਉਦਾਸ ਤੇ ਨਿਰਾਸ਼ ਕਰਨ ਵਾਲੀਆਂ ਸਥਿਤੀਆਂ ਬਾਰੇ ਸਾਨੂੰ ਸੋਝੀ ਮਿਲਦੀ ਹੈ ਅਤੇ ਅਸੀਂ ਉਨ੍ਹਾਂ ਉਦਾਸ ਕਰਨ ਵਾਲੀਆਂ ਹਾਲਤਾਂ ਬਾਰੇ ਕੁੱਝ ਸੋਚਣ ਤੇ ਉਸਦਾ ਹੱਲ ਲੱਭਣ ਵੱਲ ਅਹੁਲਦੇ ਹਾਂ। ਉਂਝ ਮੈਂ ਪਹਿਲਾਂ ਵੀ ਕਿਹਾ ਹੈ ਕਿ ਨਿਰੋਲ ਨਿੱਜਵਾਦੀ ਤੇ ਸਮਾਜਿਕ-ਸਭਿਆਚਾਰਕ ਕੀਮਤਾਂ ਤੋਂ ਵਿਜੋਗਿਆ ਤੇ ਵਿਛੁੰਨਿਆਂ ਸਾਹਿਤ ਮਹਿਜ਼ ਅੰਦਰੂਨੀ ਮਾਨਸਿਕ ਘੁਣਤਰਾਂ ਤੇ ਜ਼ਿਹਨੀ ਅੱਯਾਸ਼ੀ ਦੀ ਪੇਸ਼ਕਾਰੀ ਤੱਕ ਸੀਮਿਤ ਹੋ ਕੇ ਰਹਿ ਗਿਆ ਹੈ। ਅਜਿਹੇ ਸਾਹਿਤ ਨੂੰ ਪੜ੍ਹ ਕੇ ਮੈਨੂੰ ਨਿਸਚੇ ਹੀ ਨਿਰਾਸ਼ਾ ਹੁੰਦੀ ਹੈ।
----
ਸੁਖਿੰਦਰ: ਕੈਨੇਡਾ ਵਿੱਚ ਹੁਣ ਤੱਕ ਤੁਹਾਨੂੰ ਕਿਹੋ ਜਿਹਾ ਪੰਜਾਬੀ ਸਾਹਿਤ ਪੜ੍ਹਣ ਦਾ ਮੌਕਾ ਮਿਲਿਆ ਹੈ?
ਡਾ: ਸੰਧੂ: ਕੈਨੇਡਾ ਦੇ ਜਿਹੜੇ ਪੰਜਾਬੀ ਲੇਖਕਾਂ ਦੀ ਮੇਨ ਸਟਰੀਮ ਵਿੱਚ ਪਰੋਜੈਕਸ਼ਨ ਹੈ ਉਨ੍ਹਾਂ ਤਕਰੀਬਨ ਸਾਰੇ ਹੀ ਲੇਖਕਾਂ ਨੂੰ ਮੈਂ ਪੜ੍ਹਿਆ ਹੋਇਆ ਹੈ। ਉਨ੍ਹਾਂ ਵਿੱਚ ਕਵੀ ਵੀ ਹਨ। ਕਹਾਣੀਕਾਰ ਵੀ ਹਨ। ਕੁਝ ਸਾਲ ਪਹਿਲੇ ਤੱਕ ਮੇਨ ਸਟਰੀਮ ਦੀ ਜਿਹੜੀ ਪੰਜਾਬੀ ਕਹਾਣੀ ਲਿਖੀ ਜਾ ਰਹੀ ਸੀ ਉਸ ਦੇ ਮੇਚ ਦੀ ਕਹਾਣੀ ਬਾਹਰ ਬੈਠੇ ਪੰਜਾਬੀ ਲੇਖਕਾਂ ਵੱਲੋਂ ਨਹੀਂ ਸੀ ਲਿਖੀ ਜਾ ਰਹੀ। ਪਰ ਹੁਣ ਸਾਡੇ ਕੋਲ ਕੈਨੇਡਾ ਵਿੱਚ ਜਰਨੈਲ ਸਿੰਘ, ਅਮਨਪਾਲ ਸਾਰਾ, ਸਾਧੂ ਬਿਨਿੰਗ, ਹਰਪ੍ਰੀਤ ਸੇਖਾ ਤੇ ਕੁਲਜੀਤ ਮਾਨ ਵਰਗੇ ਅਜਿਹੇ ਨਾਮ ਹਨ ਜਿਹਨਾਂ ਦੀ ਕਹਾਣੀ ਮੇਨ ਸਟਰੀਮ ਦੀ ਚੰਗੀ ਕਹਾਣੀ ਨਾਲ ਬਰ ਮੇਚ ਕੇ ਚੱਲਦੀ ਹੈ। ਕੁਝ ਹੋਰ ਨਾਮ ਵੀ ਹੋ ਸਕਦੇ ਹਨ ਜਿਹੜੇ ਮੈਨੂੰ ਇਸ ਵੇਲੇ ਯਾਦ ਨਹੀਂ ਆ ਰਹੇ। ਨਾਵਲ ਦੇ ਖੇਤਰ ਵਿੱਚ ਗਿਆਨੀ ਕੇਸਰ ਸਿੰਘ ਦੀ ਗੱਲ ਤਾਂ ਪੁਰਾਣੀ ਹੋ ਗਈ ਪਰ ਜਰਨੈਲ ਸਿੰਘ ਸੇਖਾ ਦੇ ਦੋ ਨਾਵਲ, ‘ਦੁਨੀਆ ਕੈਸੀ ਹੋਈ’ ਅਤੇ ‘ਭਗੌੜਾ’ ਦਾ ਨਾਂ ਬੜੇ ਮਾਣ ਨਾਲ ਲਿਆ ਜਾ ਸਕਦਾ ਹੈ. ਸਾਧੂ ਸਿੰਘ ਧਾਮੀ ਦਾ ‘ਮਲੂਕਾ’ ਤਾਂ ਕਮਾਲ ਦੀ ਰਚਨਾ ਹੈ ਹੀ। ਇਹਨੀ ਦਿਨੀ ਉਸਦਾ ਇੱਕ ਹੋਰ ਨਾਵਲ ‘ਪਰਾਇਆ ਧਨ’ ਵੀ ਪ੍ਰਕਾਸ਼ਿਤ ਹੋਇਆ ਹੈ। ਅਸੀਂ ਇਸਨੂੰ ‘ਸੀਰਤ’ ਵਿੱਚ ਪਹਿਲਾਂ ਕਿਸ਼ਤਵਾਰ ਛਾਪ ਚੁੱਕੇ ਹਾਂ. ਇਕਬਾਲ ਰਾਮੂਵਾਲੀਆ ਦਾ ਨਾਵਲ ਵੀ ਹੈ, ‘ਇੱਕ ਪਾਸਪੋਰਟ ਦੀ ਮੌਤ’. ਮੈਂ ਕਵਿਤਾ ਦਾ ਉਤਸ਼ਾਹੀ ਪਾਠਕ ਨਹੀਂ ਪਰ ਹੁਣੇ ਜਿਹੇ ਛਪ ਕੇ ਆਈ ਅਮਰਜੀਤ ਸਾਥੀ ਦੀ ‘ਹਾਇਕੂ’ ਵਿਧਾ ਨੂੰ ਪੇਸ਼ ਕਰਨ ਵਾਲੀ ਕਾਵਿ-ਪੁਸਤਕ ‘ਨਿਮਖ’ ਨੇ ਵੀ ਮੈਨੂੰ ਪ੍ਰਭਾਵਿਤ ਕੀਤਾ ਹੈ। ਰੋਡੇ ਭਰਾਵਾਂ ਦੀ ‘ਲੀਲ੍ਹਾ’ ਦੇ ਰੰਗ ਮੈਂ ਕਈ ਸਾਲ ਪਹਿਲਾਂ ਵੇਖ ਚੁੱਕਾ ਹਾਂ। ਇੱਕ ਹੋਰ ਪੁਸਤਕ ਹੈ ਸੁਖਪਾਲ ਦੀ, ‘ਰਹਿਣ ਕਿਥਾਊ ਨਾਹਿ’. ਸ਼ਾਇਰ ਤਾਂ ਉਹ ਵਧੀਆ ਹੈ ਹੀ ਪਰ ਮੈਂ ਕਵਿਤਾ ਤੋਂ ਵੀ ਵੱਧ ਸੁਖਪਾਲ ਦੀ ਵਾਰਤਕ ਤੋਂ ਮੁਤਾਸਰ ਹੋਇਆ ਹਾਂ। ਇਸ ਪੁਸਤਕ ਅਤੇ ਸੁਰਜਨ ਜ਼ੀਰਵੀ ਦੀ ‘ਇਹ ਹੈ ਬਾਰਬੀ ਸੰਸਾਰ’ ‘ਤੇ ਕੈਨੇਡਾ ਦੇ ਪੰਜਾਬੀ ਸਾਹਿਤ ਨੂੰ ਹੀ ਨਹੀਂ ਬਲਕਿ ਸਮੁੱਚੇ ਪੰਜਾਬੀ ਸਾਹਿਤ ਨੂੰ ਮਾਣ ਹੋਣਾ ਚਾਹੀਦਾ ਹੈ। ਵਾਰਤਕ ਦੇ ਖੇਤਰ ਵਿੱਚ ਹੀ ਸਰਵਣ ਸਿੰਘ ਮੰਨਿਆਂ ਦੰਨਿਆਂ ਪੁਰਾਣਾ ਸ਼ਾਹ-ਅਸਵਾਰ ਹੈ ਜਿਹੜਾ ਹਰ ਸਾਲ ਇੱਕ ਨਵੀਂ ਵਾਰਤਕ ਪੁਸਤਕ ਦੇ ਰਿਹਾ ਹੈ। ਇਸ ਪ੍ਰਕਾਰ ਹੌਲੀ ਹੌਲੀ ਸੋਚਦਿਆਂ ਕਨੇਡਾ ਦੇ ਸਾਹਿਤ ਦੀ ਹਰੇਕ ਵੰਨਗੀ ਦਾ ਕੁਝ ਨਾ ਕੁਝ ਬਹੁਤ ਕੁਝ ਚੰਗਾ ਚੇਤੇ ਆਈ ਜਾ ਰਿਹਾ ਹੈ. ਕਵਿਤਾ ਦੇ ਖੇਤਰ ਵਿੱਚ ਹੀ ਉਂਕਾਰਪ੍ਰੀਤ ਦਾ ਸੰਭਾਵਨਾ ਭਰਪੂਰ ਸ਼ਾਇਰਾਂ ਵਿੱਚ ਨਾਮ ਲਿਆ ਜਾ ਸਕਦਾ ਹੈ। ਨਾਟਕ ਅਤੇ ਕਵਿਤਾ ਦੇ ਖੇਤਰ ਵਿੱਚ ਕੁਲਵਿੰਦਰ ਖਹਿਰਾ ਯਤਨਸ਼ੀਲ ਹੈ। ਪਰ ਮੈਂ ਮੰਨਦਾ ਹਾਂ ਕਿ ਅਜੇ ਮੈਂ ਕਨੇਡਾ ਦੇ ਬਹੁਤ ਸਾਰੇ ਲੇਖਕਾਂ ਨੂੰ ਨਹੀਂ ਪੜ੍ਹਿਆ ਹੋਇਆ। ਮੈਂ ਤੁਹਾਨੂੰ ਵੀ ਖਿੰਡੀਆਂ-ਪੁੰਡੀਆਂ ਲਿਖਤਾਂ ਰਾਹੀਂ ਹੀ ਜਾਣਦਾ ਹਾਂ ਜਦ ਕਿ ਤੁਹਾਡਾ ਕੀਤਾ ਕੰਮ ਵੀ ਪੜ੍ਹੇ ਜਾਣ ਲਈ ਮੈਨੂੰ ਵੰਗਾਰ ਰਿਹਾ ਹੈ।
----
ਸੁਖਿੰਦਰ: ਕੈਨੇਡਾ ਵਿੱਚ ਕਵਿਤਾ, ਕਹਾਣੀ, ਨਾਵਲ, ਨਾਟਕ-ਯਾਨਿ ਕਿ ਸਾਹਿਤ ਦੇ ਹਰ ਰੂਪ ਵਿੱਚ ਰਚਨਾ ਕੀਤੀ ਜਾ ਰਹੀ ਹੈ। ਪਰ ਕੈਨੇਡਾ ਦੇ ਪੰਜਾਬੀ ਸਾਹਿਤ ਦੀ ਆਲੋਚਨਾ ਬਹੁਤ ਘੱਟ ਹੋ ਰਹੀ ਹੈ। ਕੀ ਤੁਸੀਂ ਇਸ ਪਾਸੇ ਵੀ ਆਪਣਾ ਧਿਆਨ ਲਗਾਉਣ ਬਾਰੇ ਸੋਚ ਰਹੇ ਹੋ?
ਡਾ: ਸੰਧੂ: ਦੇਖੋ! ਆਲੋਚਨਾ ਮੇਰਾ ਪਹਿਲਾ ਸ਼ੌਂਕ ਨਹੀਂ ਹੈ। ਮੇਰਾ ਐਮ ਫ਼ਿਲ ਦਾ ਖੋਜ-ਕਾਰਜ ਕੁਲਵੰਤ ਸਿੰਘ ਵਿਰਕ ਦੀ ਕਹਾਣੀ ‘ਤੇ ਸੀ ਅਤੇ ਇਸ ਨੂੰ ਪੁਸਤਕ ਰੂਪ ਵਿੱਚ ਛਪਿਆ ਪੜ੍ਹ ਕੇ ਵਿਰਕ ਨੇ ਆਪਣੇ ਹੁਣ ਤੱਕ ਹੋਏ ਸਾਰੇ ਆਲੋਚਨਾਤਮਕ ਕੰਮ ਤੋਂ ਇਸਨੂੰ ਵਧੀਆ ਮੰਨਿਆ ਸੀ। ਮੇਰਾ ਪੀਐਚ ਡੀ ਦਾ ਖੋਜ-ਕਾਰਜ ਨਾਵਲ ਬਾਰੇ ਹੈ। ਕੁਝ ਖੋਜ ਦਾ ਕੰਮ ਮੈਂ ਪੰਜਾਬੀ ਵਾਰਤਕ ਅਤੇ ਕਹਾਣੀ ਉੱਤੇ ਵੀ ਕੀਤਾ ਹੈ। ਇਸ ਤੋਂ ਇਲਾਵਾ ਮੈਂ ਲਗਭਗ ਡੇਢ ਦਰਜਨ ਲੇਖਕਾਂ ਦੀਆਂ ਪੁਸਤਕਾਂ ਬਾਰੇ ਆਲੋਚਨਾਤਕ ਨਿਬੰਧ ਲਿਖੇ ਹਨ। ਇਹ ਨਿਬੰਧ ਮੁੱਖ-ਬੰਧ ਵਜੋਂ ਵੀ ਉਹਨਾਂ ਪੁਸਤਕਾਂ ਵਿੱਚ ਛਪੇ ਹਨ। ਇਹ ਆਮ ਮੁੱਖਬੰਧਾਂ ਵਾਂਗ ਨਿਰੋਲ ਪ੍ਰਸ਼ੰਸ਼ਾ ਮੁਖੀ ਨਾ ਹੋ ਕੇ ਸਬੰਧਿਤ ਰਚਨਾ ਦੇ ਗਹਿਨ ਅਧਿਅਨ ਨਾਲ ਸੰਬੰਧਿਤ ਹਨ। ਸਦਾ ਉਸ ਕਿਤਾਬ ਬਾਰੇ ਹੀ ਲਿਖਣਾ ਮੈਂ ਪ੍ਰਵਾਨ ਕੀਤਾ ਹੈ ਜਿਹੜੀ ਕਿਤਾਬ ਮੈਨੂੰ ਚੰਗੀ ਲੱਗੀ ਹੋਵੇ। ਕਿਸੇ ਕਿਤਾਬ ਬਾਰੇ ਲਿੰਬ ਪੋਚ ਕੇ ਝੂਠੀ ਪ੍ਰਸ਼ੰਸ਼ਾ ਕਰਨ ਲਈ ਲਿਖਣ ਦਾ ਸੱਦਾ ਕਦੀ ਪ੍ਰਵਾਨ ਨਹੀਂ ਕੀਤਾ। ਬਿਲਕੁਲ ਆਲੋਚਨਾਤਮਕ ਨਜ਼ਰੀਏ ਤੋਂ ਮੈਂ ਉਹ ਕੰਮ ਕੀਤਾ ਹੈ। ਇਹ ਨਿਬੰਧ ਹੁਣ ਪੁਸਤਕ ਰੂਪ ਵਿੱਚ ਵੀ ਛਪ ਰਹੇ ਹਨ। ਮੈਂ ਪਿਛਲੇ ਦਿਨੀ ਕਨੇਡਾ ਦੇ ਪੰਜਾਬੀ ਕਹਾਣੀਕਾਰਾਂ ਦੀਆਂ ਤਿੰਨ ਕਹਾਣੀਆਂ ਬਾਰੇ ਵਿਸਥਾਰਪੂਰਵਕ ਲੇਖ ਲਿਖਿਆ ਹੈ, ਜਿਹੜਾ ਕਾਫ਼ੀ ਸਰਾਹਿਆ ਗਿਆ ਹੈ। ਮੈਂ ਭਾਵੇਂ ਆਲੋਚਨਾ ਨਾਲੋਂ ਆਪਣੇ ਸਿਰਜਣਾਤਮਕ ਕੰਮ ਨੂੰ ਪਹਿਲ ਦਿੰਦਾ ਹਾਂ ਪਰ ਜੇ ਹੋ ਸਕਿਆ ਤਾਂ ਕਨੇਡਾ ਵਿੱਚ ਰਚੀਆਂ ਜਾ ਰਹੀਆਂ ਚੰਗੀਆਂ ਰਚਨਾਵਾਂ ਦਾ ਮੁਲਅੰਕਣ ਅਤੇ ਵਿਸ਼ਲੇਸ਼ਣ ਕਰਨ ਦੀ ਕੋਸ਼ਿਸ਼ ਜਾਰੀ ਰੱਖਾਂਗਾ. ਉਂਝ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵਿਧਾਵਾਂ ਦੇ ਚੰਗੇ ਲੇਖਕਾਂ ਵਾਂਗ ਆਲੋਚਨਾ ਦੇ ਖੇਤਰ ਵਿੱਚ ਵੀ ਇਸ ਮਿੱਟੀ ਵਿਚੋਂ ਹੀ ਆਲੋਚਕ ਵੀ ਜ਼ਰੂਰ ਉੱਭਰਨਗੇ।
----
ਸੁਖਿੰਦਰ: ਤੁਸੀਂ ਆਪ ਅੱਜ ਕੱਲ੍ਹ ਸਾਹਿਤ ਦੇ ਕਿਹੜੇ ਰੂਪ ਵਿੱਚ ਰਚਨਾ ਕਰਨ ਲਈ ਸਮਾਂ ਲਗਾ ਰਹੇ ਹੋ?
ਡਾ: ਸੰਧੂ: ਮੈਂ ਬਹੁਤ ਘੱਟ ਲਿਖਣ ਵਾਲੇ ਲੇਖਕਾਂ ‘ਚੋਂ ਹਾਂ … ਕੋਈ ਕਹਾਣੀ ਲਿਖੀ ਨੂੰ ਬਹੁਤ ਦੇਰ ਹੋ ਗਈ ਹੈ। ਮੈਂ ਪਿਛਲੇ ਕੁਝ ਸਾਲਾਂ ਵਿੱਚ ਵਾਰਤਕ ਉੱਤੇ ਕੁੱਝ ਕੰਮ ਕੀਤਾ ਹੈ। ਮੇਰੇ ਦੋ ਸਫਰਨਾਮੇ ਛਪੇ ਹਨ: ‘ਪ੍ਰਦੇਸੀ ਪੰਜਾਬ’ ਅਤੇ ‘ਵਗਦੀ ਏ ਰਾਵੀ’. ‘ਪ੍ਰਦੇਸੀ ਪੰਜਾਬ’ -ਕੈਨੇਡਾ, ਅਮਰੀਕਾ ਅਤੇ ਇੰਗਲੈਂਡ ਦਾ ਸਫ਼ਰਨਾਮਾ ਹੈ ਅਤੇ ‘ਵਗਦੀ ਏ ਰਾਵੀ’ ਮੇਰਾ ਪਾਕਿਸਤਾਨ ਦਾ ਸਫ਼ਰਨਾਮਾ ਹੈ। ਆਪਣੇ ਪਿੰਡ ਦੇ ਦੋ ਵਾਰ ਏਸ਼ੀਆ ਜੇਤੂ ਤੇ ਤੇਰਾਂ ਵਾਰ ਵਿਸ਼ਵ ਵੈਟਰਨ ਜੇਤੂ ਪਹਿਲਵਾਨ ਕਰਤਾਰ ਸਿੰਘ ਦੀ ਜੀਵਨੀ ਵੀ ਲਿਖੀ ਹੈ, ‘ਕੁਸ਼ਤੀ ਦਾ ਧਰੂ ਤਾਰਾ’. ਉਹ ਜੀਵਨੀ ਮੈਂ ਇਸ ਅੰਦਾਜ਼ ਵਿੱਚ ਲਿਖੀ ਕਿ ਉਹ ਸਿਰਫ ਇੱਕ ਬੰਦੇ ਦੀ ਜੀਵਨੀ ਨ ਹੋਵੇ। ਸਗੋਂ ਇੱਕ ਸਾਧਾਰਨ ਗਰੀਬ ਘਰ ‘ਚੋਂ ਉੱਠ ਕੇ ਇੱਕ ਮੁੰਡਾ ਆਪਣੇ ਸੰਘਰਸ਼ ਅਤੇ ਮਿਹਨਤ ਨਾਲ ਕਿਵੇਂ ਏਸ਼ੀਆ ਦਾ ਸਭ ਤੋਂ ਵਧੀਆ ਪਹਿਲਵਾਨ ਬਣਦਾ ਹੈ, ਉਸ ਵਿੱਚ ਇਹ ਵੀ ਹੈ ਤੇ ਨਾਲ ਦੇ ਨਾਲ ਪੰਜਾਬ ਦੀ ਸੰਸਕ੍ਰਿਤੀ ਦੀ ਸਜਿੰਦ ਝਲਕ ਪੇਸ਼ ਕਰਨ ਦਾ ਚਾਰਾ ਵੀ ਹੈ। ਪਿਛਲੇ ਸਾਲ ਮੈਂ ਨੈਸ਼ਨਲ ਬੁੱਕ ਟਰਸਟ ਲਈ ‘ਆਜ਼ਾਦੀ ਤੋਂ ਬਆਦ ਦੀ ਪੰਜਾਬੀ ਕਹਾਣੀ’ ਐਡਿਟ ਕੀਤੀ ਹੈ ਅਤੇ ਇੱਕ ਕਹਾਣੀ-ਸੰਗ੍ਰਹਿ ‘ਕਥਾ-ਰੰਗ’ ਪੰਜਾਬੀ ਯੂਨੀਵਰਸਿਟੀ ਦੇ ਬੀ. ਏ. ਦੇ ਪਾਠਕ੍ਰਮ ਲਈ ਵੀ ਐਡਿਟ ਕੀਤਾ ਹੈ। ਇਸਤੋਂ ਇਲਾਵਾ ਮੈਂ ਆਪਣੀ ਜੀਵਨੀ ਲਿਖਣ ‘ਤੇ ਕੰਮ ਕਰ ਰਿਹਾਂ। ਅੱਜ ਕੱਲ੍ਹ ਮੈਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਲਈ ਆਪਣੀ ਸਾਹਿਤਕ ਸਵੈ-ਜੀਵਨੀ ਲਿਖ ਰਿਹਾਂ।
----
ਸੁਖਿੰਦਰ: ਪਿਛਲੇ ਤਕਰੀਬਨ ਤਿੰਨ ਚਾਰ ਦਹਾਕਿਆਂ ਦੇ ਪੰਜਾਬੀ ਸਾਹਿਤ ਜਗਤ ਨੂੰ ਦੇਖੀਏ ਤਾਂ ਤੁਹਾਨੂੰ ਕਿੰਨ੍ਹੇ ਕੁ ਲੇਖਕਾਂ ਦੀਆਂ ਲਿਖਤਾਂ ਤੋਂ ਸੰਤੁਸ਼ਟੀ ਮਿਲੀ ਹੈ?
ਡਾ: ਸੰਧੂ: ਦੇਖੋ, ਆਪਾਂ ਗਿਣਤੀ ਅਤੇ ਨਾਵਾਂ ਵਿੱਚ ਨਹੀਂ ਪੈਂਦੇ. ਬਹੁਤ ਸਾਰੇ ਨਾਮ ਕਈ ਵਾਰੀ ਰਹਿ ਜਾਂਦੇ ਹਨ. ਮੈਨੂੰ ਨਿਰਾਸ਼ਾ ਨਹੀਂ ਪੰਜਾਬੀ ਸਾਹਿਤ ਤੋਂ। ਜੋ ਕੁਝ ਲਿਖਿਆ ਜਾਂਦਾ ਹੈ ਉਹ ਸਾਰਾ ਹੀ ਉੱਤਮ ਦਰਜੇ ਦਾ ਨਹੀਂ ਹੁੰਦਾ। ਬੇਸ਼ੱਕ ਰੇਤ ਜ਼ਿਆਦਾ ਹੋਵੇ ਪਰ ਵਿੱਚ ਵਿਚ ਸੋਨੇ ਦੇ ਕਿਣਕੇ ਵੀ ਚਮਕਦੇ ਹਨ। ਚੈਖੋਵ ਦੀਆਂ ਵੀ ਸਾਰੀਆਂ ਹੀ ਕਹਾਣੀਆਂ ਮਿਆਰੀ ਨਹੀਂ ਹੋਣਗੀਆਂ. ਸਾਡੇ ਕੋਲ ਤਾਂ ਉਸਦੇ ਜਾਂ ਉਹੋ ਜਿਹੇ ਵਿਸ਼ਵ-ਲੇਖਕਾਂ ਦੇ ਵੀ ‘ਸੁਨਹਿਰੀ ਕਿਣਕੇ’ ਹੀ ਪੁੱਜੇ ਹਨ। ਮੈਂ ਸਮਝਦਾ ਹਾਂ ਕਿ ਸਾਡੀ ਕਹਾਣੀ ਬਹੁਤ ਅੱਛੀ ਲਿਖੀ ਜਾ ਰਹੀ ਹੈ. ਕਵਿਤਾ ਵੀ ਬਹੁਤ ਅੱਛੀ ਲਿਖੀ ਜਾ ਰਹੀ ਹੈ। ਪਿਛਲੇ ਕੁਝ ਸਮੇਂ ਵਿੱਚ ਸਾਡੇ ਨਾਟਕ ਖੇਤਰ ਵਿੱਚ … ਸਾਡਾ ਨਾਟਕ ਬਹੁਤ ਪਿਛੇ ਸੀ … ਉਸ ਖੇਤਰ ਵਿੱਚ ਵੀ ਵਾਧਾ ਹੋਣਾ ਸ਼ੁਰੂ ਹੋਇਆ-ਵਾਰਤਕ ਵੀ ਚੰਗੀ ਲਿਖੀ ਜਾ ਰਹੀ ਹੈ. ਏਨੇ ਢੇਰ ‘ਚੋਂ ਅਸੀਂ ਇਹ ਨਹੀਂ ਕਹਿ ਸਕਦੇ ਹੁੰਦੇ ਕਿ ਜੋ ਵੀ ਲਿਖਿਆ ਜਾ ਰਿਹਾ ਹੈ ਸਭ ਚੰਗਾ ਹੀ ਲਿਖਿਆ ਜਾ ਰਿਹਾ ਹੋਵੇ, ਇਸ ਤਰ੍ਹਾਂ ਕਦੀ ਵੀ ਨਹੀਂ ਹੋਇਆ ਕਰਦਾ, ਪਰ ਚੰਗਾ ਹੈ ਜ਼ਰੂਰ।

ਸੁਖਿੰਦਰ: ਕੁਝ ਲੇਖਕਾਂ ਦੇ ਨਾਮ ਜ਼ਰੂਰ ਲਵੋ ਜਿਨ੍ਹਾਂ ਬਾਰੇ ਤੁਸੀਂ ਸਮਝਦੇ ਹੋ ਕਿ ਉਨ੍ਹਾਂ ਨੇ ਪਿਛਲੇ ਤਿੰਨ ਚਾਰ ਦਹਾਕੇ ਵਿੱਚ ਬਹੁਤ ਵਧੀਆ ਲਿਖਿਆ?
ਡਾ: ਸੰਧੂ: ਦੇਖੋ ਪਿਛਲੇ ਤਿੰਨ ਚਾਰ ਦਹਾਕਿਆਂ ਵਿਚਲੇ ਜੇਕਰ ਪੰਜਾਬੀ ਨਾਵਲ ਦੀ ਗੱਲ ਕਰਨੀ ਹੋਵੇ ਤਾਂ ਗੁਰਦਿਆਲ ਸਿੰਘ ਤਾਂ ਹੈਗਾ ਹੀ ਹੈ। ਅਣਖੀ ਨੇ ਹੁਣ ਬਹੁਤ ਜ਼ਿਆਦਾ ਲਿਖਣਾ ਸ਼ੁਰੂ ਕਰ ਦਿੱਤਾ। ਕਈ ਵੇਰੀ ਲੱਗਦਾ ਹੁੰਦਾ ਕਿ ਅਣਖੀ ਲੋੜ ਤੋਂ ਬਹੁਤ ਜ਼ਿਆਦਾ ਤੇ ‘ਪਤਲਾ’ ਲਿਖੀ ਜਾ ਰਿਹਾ ਹੈ। ਪਰ ਫਿਰ ਵੀ ਉਸਦਾ ‘ਕੋਠੇ ਖੜਕ ਸਿੰਘ’, ‘ਪ੍ਰਤਾਪੀ’, ‘ਸੁਲਘਦੀ ਰਾਤ’, ‘ਦੁੱਲੇ ਦੀ ਢਾਬ’ ਬੜੇ ਅੱਛੇ ਨਾਵਲ ਹਨ। ਮੋਹਨ ਕਾਹਲੋਂ ਨੇ ਬੜੇ ਸਾਲਾਂ ਬਾਅਦ ‘ਵਹਿ ਗਏ ਪਾਣੀ’ ਨਾਵਲ ਲਿਖਿਆ ਹੈ। ਜਿਹੜਾ ਕਿ ਪਹਿਲੀ ਸੰਸਾਰ ਜੰਗ ਦੇ ਮਾਹੌਲ ਨੂੰ ਕਲਾਵੇ ਵਿੱਚ ਲੈਂਦਾ ਹੈ। ਉਸ ਨਾਵਲ ਦਾ ਏਨਾਂ ਨੋਟਿਸ ਨਹੀਂ ਲਿਆ ਗਿਆ। ਸਾਡੇ ਬਹੁਤੇ ਨਾਵਲ ਹੁਣ ਤੱਕ ਅਨੁਭਵ ਆਧਾਰਤ ਰਹੇ ਹਨ। ਕਿਸੇ ਦੌਰ ਬਾਰੇ ਰਿਸਰਚ ਕਰਕੇ ਉਸਨੂੰ ਗਲਪ ਵਿੱਚ ਢਾਲਣ ਦੇ ਯਤਨ ਬਹੁਤ ਘੱਟ ਹੋਏ ਹਨ. ਕਾਹਲੋਂ ਨੇ ਇਹ ਯਤਨ ਕੀਤਾ ਹੈ। ਇਸ ਤਰ੍ਹਾਂ ਦਾ ਹੀ ਇੱਕ ਹੋਰ ਖੋਜ-ਆਧਾਰਿਤ ਨਾਵਲ ਹੈ ਟਾਲਸਟਾਇ ਬਾਰੇ ਇੰਦਰ ਸਿੰਘ ਖਾਮੋਸ਼ ਦਾ, ‘ਇੱਕ ਮਸੀਹਾ ਹੋਰ’। ਸ. ਸੋਜ਼ ਦੇ ਕੁਝ ਨਾਵਲ ਬਹੁਤ ਵਧੀਆ ਸਨ. ‘ਇੱਕ ਮਕਾਨ ਖਾਲੀ ਜਿਹਾ’, ‘ਪਾਤਰ ਵਿਪਾਤਰ’, - ਉਸ ਬੰਦੇ ਦਾ ਵੀ ਜਿਸ ਤਰ੍ਹਾਂ ਦਾ ਨੋਟਿਸ ਲਿਆ ਜਾਣਾ ਚਾਹੀਦਾ ਸੀ ਨਹੀਂ ਲਿਆ ਗਿਆ। ਸਵਰਨ ਚੰਦਨ ਦਾ ‘ਕੰਜਕਾਂ’ ਤੇ ਦੇਸ਼-ਵੰਡ ਨਾਲ ਸੰਬੰਧਤ ਉਸਦੇ ਨਾਵਲਾਂ ਦੀ ਤ੍ਰੈ-ਲੜੀ ਵੀ ਜ਼ਿਕਰਯੋਗ ਹੈ। ਸਾਡੇ ਕੋਲ ਪਿਛਲੇ ਸਮਿਆਂ ਵਿੱਚ ਕਈ ਵਧੀਆ ਕਹਾਣੀਕਾਰ ਸਾਹਮਣੇ ਆਏ: ਪ੍ਰੇਮ ਪ੍ਰਕਾਸ਼, ਮੋਹਨ ਭੰਡਾਰੀ, ਗੁਰਦੇਵ ਰੁਪਾਣਾ, ਗੁਰਬਚਨ ਭੁੱਲਰ, ਕਿਰਪਾਲ ਕਜ਼ਾਕ, ਬਲਵਿੰਦਰ ਗਰੇਵਾਲ, ਸੁਖਜੀਤ ਤੇ ਕਈ ਹੋਰ। ਔਰਤ ਲੇਖਕਾਂ ਵਿਚੋਂ ਸੁਖਵੰਤ ਕੌਰ ਮਾਨ ਦਾ ਨਾਂ ਵਿਸ਼ੇਸ਼ ਤੌਰ ‘ਤੇ ਲਿਆ ਜਾ ਸਕਦਾ ਹੈ.ਸਾਡੀਆਂ ਪਹਿਲੀਆਂ ਗਲਪ ਲੇਖਿਕਾਵਾਂ -ਅੰਮ੍ਰਿਤਾ, ਦਲੀਪ ਕੌਰ ਟਿਵਾਣਾ ਜਾਂ ਅਜੀਤ ਕੌਰ ਔਰਤ ਦੇ ਦੁੱਖ ਅਤੇ ਉਸਦੀ ਤ੍ਰਾਸਦਿਕ ਸਥਿਤੀ ਦਾ ਕਾਰਨ ਮਰਦ ਦੇ ਜ਼ੁਲਮ ਵਿੱਚ ਨਿਹਿਤ ਕਰਦੀਆਂ ਹਨ ਜਦ ਕਿ ਮਾਨ ਔਰਤ ਦੀ ਦੁਖਾਂਤਕ ਸਥਿਤੀ ਨੂੰ ਸਮੁੱਚੇ ਆਰਥਿਕ-ਸਮਾਜਿਕ ਸਿਸਟਮ ਨਾਲ ਜੋੜ ਕੇ ਵੇਖਦੀ ਹੈ। ਉਸ ਅਨੁਸਾਰ ਇਸ ਸਿਸਟਮ ਵਿੱਚ ਔਰਤ ਵੀ ਦਲੀ-ਮਲੀ ਜਾ ਰਹੀ ਹੈ ਅਤੇ ਮਰਦ ਵੀ। ਸਥਿਤੀਆਂ ਮੁਤਾਬਿਕ ਮਰਦ ਵੀ ਔਰਤ ਨਾਲ ਧੱਕਾ ਕਰ ਸਕਦੈ ਅਤੇ ਔਰਤ ਵੀ ਮਰਦ ਨਾਲ ਧੱਕਾ ਕਰ ਸਕਦੀ ਹੈ। ਔਰਤ ਦੀ ਥਾਂ ਉਸਨੂੰ ‘ਮਾਨਵ’ ਦੇ ਤੌਰ ਉੱਤੇ ਪੇਸ਼ ਕਰਨਾ ਉਸਦੀ ਪ੍ਰਾਪਤੀ ਹੈ। ਇਸ ਤੋਂ ਇਲਾਵਾ ਵੱਖ ਵੱਖ ਸਮਾਜਿਕ ਸਮੂਹਾਂ ਪ੍ਰਵਾਸੀਆਂ, ਕਿਰਤੀਆਂ, ਕਿਸਾਨਾਂ, ਫੌਜੀਆਂ ਤੇ ਦਲਿਤ ਜੀਵਨ ਦੇ ਸਰੋਕਾਰਾਂ ਬਾਰੇ ਵੱਖ ਵੱਖ ਕਥਾਕਾਰਾਂ ਨੇ ਬੜੀਆਂ ਖ਼ੂਬਸੂਰਤ ਕਹਾਣੀਆਂ ਲਿਖੀਆਂ। ਇਹ ਸਾਹਿਤ ਉਹਨਾਂ ਲੇਖਕਾਂ ਵੱਲੋਂ ਲਿਖਿਆ ਗਿਆ ਜਿੰਨ੍ਹਾਂ ਨੇ ਇਹ ਪੀੜ ਆਪਣੇ ਹੱਡੀਂ ਹੰਢਾਈ ਸੀ। ਫੌਜੀਆਂ ਬਾਰੇ ਜਸਬੀਰ ਭੁੱਲਰ, ਦਲਿਤਾਂ ਬਾਰੇ ਮੋਹਨ ਲਾਲ ਫਲੌਰੀਆ ਨੇ ਚੰਗੀਆਂ ਕਹਾਣੀਆਂ ਲਿਖੀਆਂ। ਕਈ ਲੇਖਕਾਂ ਦੀਆਂ ਵਿਕੋਲਿਤਰੀਆਂ ਰਚਨਾਵਾਂ ਬੜੀਆਂ ਮੁਲਵਾਨ ਕਹੀਆਂ ਜਾ ਸਕਦੀਆਂ ਹਨ। ਸ਼ਾਇਰਾਂ ਵਿਚੋਂ ਪਾਤਰ-ਪਾਸ਼ ਤੇ ਜਗਤਾਰ ਦੀ ਤਿਕੜੀ ਦੇ ਸਾਰੇ ਪ੍ਰਸ਼ੰਸ਼ਕ ਹਨ। ਖੇਡ-ਸਾਹਿਤ ਵਿੱਚ ਸਰਵਣ ਸਿੰਘ ਦੀ ਸਰਦਾਰੀ ਦਾ ਸਿੱਕਾ ਸਾਰੇ ਮੰਨਦੇ ਹਨ। ਸੁਕੀਰਤ ਦੀ ‘ਬਾਤ ਇੱਕ ਬੀਤੇ ਦੀ’ ਸਮਾਜਵਾਦੀ ਰੂਸ ਦੇ ਡਿੱਗਣ ਦੇ ਉਰਾਰ-ਪਾਰ ਦੇ ਮਾਹੌਲ ਨੂੰ ਬਹੁਤ ਹੀ ਪ੍ਰਮਾਣਿਕ ਢੰਗ ਨਾਲ ਚਿਤਰਨ ਵਾਲੀ ਕਿਤਾਬ ਹੈ। ਗਿਣਨ ਲੱਗੀਏ ਤਾਂ ਵਾਰੀ ਨਹੀਂ ਆਉਂਦੀ। ਪ੍ਰਵਾਸੀ ਲੇਖਕਾਂ ਦਾ ਜ਼ਿਕਰ ਮੈਂ ਪਹਿਲਾਂ ਹੀ ਕਰ ਚੁੱਕਾ ਹਾਂ।
----
ਸੁਖਿੰਦਰ: ਅਜੋਕੇ ਸਮੇਂ ਦੀਆਂ ਕੁਝ ਹੋਰ ਸਮੱਸਿਆਵਾਂ ਹਨ। ਜਿਵੇਂ ਕਿ ਗਲੋਬਲ ਵਾਰਮਿੰਗ ਦੀ ਸਮੱਸਿਆ, ਰਾਜਨੀਤਿਕ ਭ੍ਰਿਸ਼ਟਾਚਾਰ ਬਹੁਤ ਵਧ ਚੁੱਕਾ ਹੈ, ਛੋਟੀਆਂ ਬੱਚੀਆਂ ਦੇ ਕਤਲ ਹੋ ਰਹੇ ਹਨ- ਮਾਂ ਦੇ ਪੇਟ ਵਿੱਚ ਹੀ। ਇਸ ਤਰ੍ਹਾਂ ਦੀਆਂ ਸਮੱਸਿਆਵਾਂ ਬਾਰੇ ਵੀ ਕੀ ਅੱਜ ਕੱਲ੍ਹ ਕਾਫੀ ਪੰਜਾਬੀ ਲੇਖਕ ਲਿਖ ਰਹੇ ਹਨ?
ਡਾ: ਸੰਧੂ: ਤਤਕਾਲੀ ਸਮੱਸਿਆ ਬਾਰੇ ਤੁਰਤ ਕਵਿਤਾ ਲਿਖਣੀ ਤਾਂ ਸ਼ਾਇਦ ਸੌਖੀ ਹੋਵੇ ਪਰ ਕਹਾਣੀ ਲਿਖ ਸਕਣੀ ਕੋਈ ਏਨੀ ਸੌਖੀ ਜਾਂ ਸੰਭਵ ਨਹੀਂ ਹੁੰਦੀ ਅਤੇ ਨਾਵਲ ਲਿਖਣਾ ਤਾਂ ਹੋਰ ਵੀ ਔਖਾ ਹੈ। ਸਮੇਂ ਦੀ ਸਾਹਿਤਕ-ਵਿੱਥ ਸਿਰਜ ਕੇ ਹੀ ਅਸੀਂ ਹਕੀਕਤ ਦੇ ਚਾਰੇ ਕੋਨੇ ਜਾਨਣ ਸਮਝਣ ਦੇ ਸਮਰੱਥ ਹੋ ਸਕਦੇ ਹਾਂ ਤੇ ਸਾਡੀ ਰਚਨਾ ਵਿੱਚ ਵੀ ਪਕਿਆਈ ਹੋਵੇਗੀ। ਇਹੋ ਕਾਰਨ ਹੈ ਕਿ ਇਹਨਾਂ ਸਮੱਸਿਆਵਾਂ ਬਾਰੇ ਬਹੁਤੀ ਕਵਿਤਾ ਲਿਖੀ ਗਈ ਹੈ। ਭਰੂਣ ਹੱਤਿਆ ਬਾਰੇ ਪਿਛਲੇ ਸਮੇਂ ਵਿੱਚ ਬੜੇ ਗੀਤ ਤੇ ਕਵਿਤਾਵਾਂ ਲਿਖੇ ਗਏ ਹਨ। ਗੁਰਮਿੰਦਰ ਕੌਰ ਸਿੱਧੂ … ਉਸਨੇ ਇਸ ਸਬੰਧ ਵਿੱਚ ਇੱਕ ‘ਕਾਵਿ ਖ਼ਤ’ ਲਿਖਿਆ ਸੀ ‘ਨਾ ਮੰਮੀ ਨਾ’ ਇਹ ਖ਼ਤ ਪੜ੍ਹਨ ਤੋਂ ਪਿੱਛੋਂ ਕਈ ਮਾਪਿਆਂ ਨੇ ਆਪਣੀਆਂ ਧੀਆਂ ਦਾ ਇਸ ਸੰਸਾਰ ਵਿੱਚ ਆਉਣਾ ਪ੍ਰਵਾਨ ਕਰ ਲਿਆ। ਗਲੋਬਲ ਵਾਰਮਿੰਗ ਬਾਰੇ ਤੁਹਾਡਾ ਲਿਖਿਆ ਪੂਰਾ ਸੰਗ੍ਰਹਿ ਅਜੇ ਮੈਂ ਵਾਚਣਾ ਹੈ। ਤੱਤਕਾਲੀ ਸਮੱਸਿਆਵਾਂ ਨੂੰ ਗਲਪ ਜਾਂ ਕਵਿਤਾ ਨਾਲੋਂ ਵੀ ਵਾਰਤਕ ਰਾਹੀਂ ਸਿੱਧਾ ਹਿੱਟ ਕੀਤਾ ਜਾ ਸਕਦਾ ਹੈ-ਸਿਰਫ਼ ਪੱਤਰਕਾਰੀ ਦੇ ਪੱਧਰ ਤੇ ਹੀ ਨਹੀਂ ਸਿਰਜਣਾਤਮਕ ਪੱਧਰ ‘ਤੇ ਵੀ। ਪਿੱਛੇ ਜਿਹੇ ਅਸੀਂ ਬਲਵਿੰਦਰ ਗਰੇਵਾਲ ਦਾ ਇੱਕ ਲੇਖ ਭਰੂਣ ਹੱਤਿਆ ਬਾਰੇ ‘ਸੀਰਤ’ ਵਿੱਚ ਵੀ ਛਾਪਿਆ ਸੀ। ਜਿਹੜੀ ਕਿ ਸਾਹਿਤਕ ਲਿਖਤ ਸੀ ਪਰ ਉਹ ਇਸ ਅੰਦਾਜ਼ ਵਿੱਚ ਲਿਖੀ ਗਈ ਸੀ ਕਿ ਦਿਲ ਨੂੰ ਛੂੰਹਦੀ ਸੀ। ਹਰ ਕੋਈ ਤਾਂ ਨਹੀਂ- ਪਰ ਜਿਹੜੇ ਕੁਝ ਕੁ ਸੁਚੇਤ ਕਿਸਮ ਦੇ ਲੇਖਕ ਹਨ - ਉਹ ਅਜਿਹੀਆਂ ਲਿਖਤਾਂ ਲਿਖ ਹੀ ਰਹੇ ਹਨ।
ਸੁਖਿੰਦਰ: ਮੁਲਾਕਾਤ ਦੇ ਅੰਤ ਉੱਤੇ ਤੁਸੀਂ ਸਾਹਿਤਕ ਸਭਿਆਚਾਰ ਬਾਰੇ ਕੋਈ ਹੋਰ ਗੱਲ ਕਹਿਣੀ ਚਾਹੋ ਤਾਂ ਕਹਿ ਸਕਦੇ ਹੋ?
ਡਾ: ਸੰਧੂ: ਸੁਖਿੰਦਰ ਜੀ, ਮੇਰੀ ਤਾਂ ਇਹੋ ਇੱਛਾ ਹੈ ਕਿ ਅੱਜ ਕੱਲ੍ਹ ਸਾਹਿਤਕ ਸਭਿਆਚਾਰ ਵਿੱਚ ਜਿਸ ਤਰ੍ਹਾਂ ਦਾ ਪ੍ਰਦੂਸ਼ਣ, ਭ੍ਰਿਸ਼ਟਾਚਾਰ ਅੱਜ ਕੱਲ੍ਹ ਫੈਲਦਾ ਜਾ ਰਿਹਾ ਹੈ- ਤੂੰ ਮੇਰਾ ਹੱਥ ਥੋ, ਮੈਂ ਤੇਰਾ ਹੱਥ ਧੋਵਾਂ … ਮੈਂ ਤੇਰੀ ਪ੍ਰਸ਼ੰਸ਼ਾ ਕਰਾਂ....ਤੂੰ ਮੇਰੀ ਕਰ.... ਤੂੰ ਮੇਰੀ ਗੋਸ਼ਟੀ ਕਰਵਾ... ਮੈਂ ਤੇਰੀ ਕਰਾਵਾਂ. . ਤੂੰ ਮੈਨੂੰ ਸਨਮਾਨ ਦੇ...ਮੈਂ ਤੈਨੂੰ ਸਨਮਾਨ ਦੇਵਾਂ … ਇਸ ਤੋਂ ਉੱਪਰ ਉੱਠਕੇ … ਜ਼ਿੰਦਗੀ ਤੇ ਦਿਲ ਦੀਆਂ ਡੁੰਘਾਣਾਂ ਵਿੱਚ ਉੱਤਰ ਕੇ ਸੁੱਚਾ ਸਾਹਿਤ, ਜ਼ਿੰਦਗੀ ਦੀਆਂ ਸੁੱਚੀਆਂ ਕਦਰਾਂ-ਕੀਮਤਾਂ ਵਾਲਾ ਸਾਹਿਤ, ਸੁਹਿਰਦ ਹੋ ਕੇ ਲਿਖਣ ਦੀ ਜ਼ਰੂਰਤ ਹੈ। ਜੇਕਰ ਇਸ ਤਰ੍ਹਾਂ ਦਾ ਸਾਹਿਤਕ ਸਭਿਆਚਾਰ ਉਸਾਰਨ ਵਿੱਚ ਅਸੀਂ ਸਭ ਰਲ ਮਿਲ ਕੇ ਕੋਈ ਯੋਗਦਾਨ ਪਾ ਸਕੀਏ ਤਾਂ ਮੈਂ ਸਮਝਦਾ ਹਾਂ ਕਿ ਬੇਹਤਰ ਗੱਲ ਹੋਵੇਗੀ।

No comments:

Post a Comment